ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਬੁਢਾਪਾ ਪੈਨਸ਼ਨ ਦੀ ਸੂਚੀ ਵਿੱਚੋਂ 70 ਹਜ਼ਾਰ ਲਾਭਪਾਤਰੀਆਂ ਨੂੰ ਹਟਾਏ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ। ਉਨ੍ਹਾਂ ਨੇ ਇਸ ਨੂੰ ਮਹਾਮਾਰੀ ਦੌਰਾਨ ਚੁੱਕਿਆ ਗਿਆ ਮਨੁੱਖਤਾ ਵਿਰੋਧੀ ਕਦਮ ਕਰਾਰ ਦਿੱਤਾ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ ਤੇ ਪ੍ਰਭਾਵਿਤ 70 ਹਜ਼ਾਰ ਵਿਅਕਤੀਆਂ ਦੀ ਪੈਨਸ਼ਨ ਮੁੜ ਬਹਾਲ ਕੀਤੀ ਜਾਵੇ।

ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ 70 ਹਜ਼ਾਰ ਬਜ਼ੁਰਗ ਵਿਅਕਤੀਆਂ ਦੇ ਨਾਂ ਬੁਢਾਪਾ ਪੈਨਸ਼ਨ ਦੀ ਸੂਚੀ ਵਿੱਚੋਂ ਕੱਟ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦਾ ਇੱਕੋ-ਇੱਕ ਕਾਰਨ ਇਹ ਹੈ ਕਿ ਸਰਕਾਰ 200 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵਿੱਚ ਵਾਧਾ ਕੀਤੇ ਜਾਣ ਤੋਂ ਬਾਅਦ ਇਸ ਦਾ ਖਰਚ ਨਹੀਂ ਵਧਾਉਣਾ ਚਾਹੁੰਦੀ ਹੈ।

ਡਾ. ਚੀਮਾ ਨੇ ਕਿਹਾ ਕਿ ਇਹ ਇੱਕ ਨਿਰਦਈ ਕਦਮ ਹੈ ਤੇ ਇਸ ਫੈਸਲੇ ਦੇ ਨਤੀਜੇ ਵਜੋਂ ਸੀਨੀਅਰ ਸਿਟੀਜ਼ਨਜ਼ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਬਜਾਏ ਕਿ ਵਾਅਦੇ ਅਨੁਸਾਰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵਿੱਚ ਵਾਧਾ ਕਰਨ ਦੇ ਸਰਕਾਰ ਨੇ ਪੈਨਸ਼ਨ ਖਰਚ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਤੁਸੀਂ ਆਪਣੇ ਵਾਅਦੇ ਮੁਤਾਬਕ ਪੈਨਸ਼ਨ ਨਹੀਂ ਵਧਾ ਸਕਦੇ ਤਾਂ ਘੱਟ ਤੋਂ ਘੱਟ ਵਡੇਰੀ ਉਮਰ ਵਿੱਚ ਇਸ ਤਰੀਕੇ ਸਰਕਾਰ ਵੱਲੋਂ ਪਹਿਲਾਂ ਕੀਤੀ ਗਈ ਮਦਦ ਤਾਂ ਖੋਹਣ ਤੋਂ ਗੁਰੇਜ਼ ਕਰੋ ।

ਅਕਾਲੀ ਦਲ ਦੇ ਆਗੂ ਨੇ ਹੋਰ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਜਦੋਂ ਕਾਂਗਰਸ ਸਰਕਾਰ ਨੇ ਸਮਾਜ ਦੇ ਕਮਜ਼ੋਰ ਵਰਗਾਂ ਖਿਲਾਫ ਵਿਤਕਰਾ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਰਕਾਰ ਨੇ ਲੱਖਾਂ ਨੀਲੇ ਕਾਰਡ ਸੂਚੀ ਵਿੱਚੋਂ ਕੱਟ ਦਿੱਤੇ ਸੀ ਜਿਸ ਦੇ ਕਾਰਨ ਕਮਜ਼ੋਰ ਵਰਗ ਆਟਾ-ਦਾਲ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਹੋ ਗਏ ਸੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904