ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਨਸ਼ਿਆਂ ਤੇ ਅਮਨ-ਕਾਨੂੰਨ ਦੀ ਸਥਿਤੀ ਲਈ ਕੈਪਟਨ ਸਰਕਾਰ ਨੂੰ ਖੂਬ ਰਗੜੇ ਲਾਏ। ਉਨ੍ਹਾਂ ਪ੍ਰੈੱਸ ਕਾਨਫਰੰਸ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸ ਨੇ ਨਸ਼ਿਆਂ ਦੇ ਮਾਮਲੇ 'ਚ ਕੋਈ ਚੰਗੀ ਤੇ ਕਾਰਗਰ ਨੀਤੀ ਬਣਾਉਣ ਦੀ ਥਾਂ ਰਾਜਨੀਤੀ ਕੀਤੀ ਤੇ ਅਕਾਲੀ ਦਲ ਨੂੰ ਬਦਨਾਮ ਕੀਤਾ। ਜਦਕਿ ਸੱਚਾਈ ਇਹ ਹੈ ਕਿ ਕਾਂਗਰਸੀ ਆਗੂ ਨਸ਼ਿਆਂ ਦੇ ਵਪਾਰੀਆਂ ਦੀ ਪੁਸ਼ਤ ਪਨਾਹੀ ਕਰਦਿਆਂ ਸੂਬੇ ਵਿੱਚ ਨਸ਼ਿਆਂ ਨੂੰ ਪ੍ਰਫੁੱਲਤ ਕਰਨ 'ਚ ਲੱਗੇ ਹੋਏ ਹਨ।


ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪੁਲਿਸ ਵੱਲੋਂ ਨਾਕੇ ਦੌਰਾਨ ਅੱਧਾ ਕਿਲੋ ਹੈਰੋਇਨ ਸਮੇਤ ਫੜਿਆ ਗਿਆ ਗੁਰਇਕਬਾਲ ਸਿੰਘ ਰੂਪਾ ਅਟਾਰੀ ਹਲਕੇ ਦੇ ਕਾਂਗਰਸ ਵਿਧਾਇਕ ਤਰਸੇਮ ਸਿੰਘ ਡੀਸੀ ਦੀ ਸੱਜੀ ਬਾਂਹ ਹੈ। ਯੂਥ ਕਾਂਗਰਸ ਦਾ ਆਗੂ ਹੋਣ ਦੇ ਨਾਲ-ਨਾਲ ਕਾਂਗਰਸ ਐਂਟੀ ਨਾਰਕੋਟਿਕਸ ਸੈੱਲ ਦਾ ਬਲਾਕ ਪ੍ਰਧਾਨ ਵੀ ਹੈ। ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਰੂਪੇ ਤੋਂ ਬਰਾਮਦ ਅੱਧਾ ਕਿਲੋ ਹੈਰੋਇਨ ਨੂੰ ਸਿਆਸੀ ਦਬਾਅ ਹੇਠ ਸਿਰਫ ਦੋ ਗਰਾਮ ਵਿੱਚ ਤਬਦੀਲ ਕਰ ਦਿੱਤਾ। ਉਨ੍ਹਾਂ ਇਸ ਬਾਰੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।


ਰੂਪੇ ਨਾਲ ਕਈ ਮੰਤਰੀਆਂ ਦੀਆਂ ਤਸਵੀਰਾਂ ਦਿਖਾਉਦਿਆਂ ਉਨ੍ਹਾਂ ਦੋਸ਼ ਲਾਇਆ ਕਿ ਰੂਪਾ ਪ੍ਰਭਾਵਸ਼ਾਲੀ ਵਿਅਕਤੀ ਹੈ ਜਿਸ ਦੀਆਂ ਤਾਰਾਂ ਕੈਬਟਿਨ ਮੰਤਰੀਆਂ ਨਾਲ ਜੁੜੀਆਂ ਹੋਈਆਂ ਹਨ। ਇਹ ਵੀ ਚਰਚਾ ਹੈ ਕਿ ਨਸ਼ਿਆਂ ਖਿਲਾਫ ਬਿਆਨਬਾਜੀ ਕਰਨ ਵਾਲਾ ਇਹ ਰੂਪਾ ਘੜਿੰਡਾ ਥਾਣੇ 'ਚ ਬੰਦ ਮੁਲਜ਼ਮਾਂ ਨੂੰ ਗੁਪਤ ਰੂਪ 'ਚ ਨਸ਼ਾ ਸਪਲਾਈ ਕਰਾਉਂਦਾ ਰਿਹਾ। ਉਨ੍ਹਾਂ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਸਾਹਮਣੇ ਆਉਣ 'ਤੇ ਕੈਪਟਨ ਤੋਂ ਜਵਾਬ ਮੰਗਿਆ ਹੈ ਤੇ ਰੁਪੇ ਦੇ ਮਾਮਲੇ 'ਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।


ਦੂਜੇ ਪਾਸੇ ਪੁਲਿਸ ਦਾ ਇਸ ਮਾਮਲੇ ਵਿੱਚ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਗੁਰਇਕਬਾਲ ਸਿੰਘ ਰੂਪਾ ਨਾਮਕ ਵਿਅਕਤੀ ਨੂੰ ਦੋ ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਪਰ ਪੁਲਿਸ ਨੇ ਇਸ ਮਾਮਲੇ ਤੋਂ ਅਗਿਆਨਤਾ ਪ੍ਰਗਟਾਈ ਕਿ ਰੂਪੇ ਦੀ ਕਾਂਗਰਸੀ ਆਗੂਆਂ ਨਾਲ ਨੇੜਤਾ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਗ੍ਰਿਫਤਾਰ ਗੁਰਇਕਬਾਲ ਰੁਪਾ ਤੋਂ ਸਿਰਫ ਦੋ ਗ੍ਰਾਮ ਹੈਰੋਇਨ ਫੜੀ ਗਈ ਹੈ ਨਾ ਕਿ ਅੱਧਾ ਕਿਲੋ।