Amit Shah Birthday : ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ 58ਵਾਂ ਜਨਮ ਦਿਨ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜਨਮ 1964 ਵਿੱਚ ਅੱਜ ਦੇ ਦਿਨ ਹੋਇਆ ਸੀ। ਉਨ੍ਹਾਂ ਦੇ ਜਨਮ ਦਿਨ 'ਤੇ ਕਈ ਨੇਤਾਵਾਂ ਨੇ ਅਮਿਤ ਸ਼ਾਹ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਸੀਐਮ ਮਾਨ ਨੇ ਟਵੀਟ ਕਰਕੇ ਲਿਖਿਆ, ''ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ। ਮੈਂ ਤੁਹਾਡੀ ਸਿਹਤ ਅਤੇ ਲੰਬੀ ਉਮਰ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ।


 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਨ੍ਹਾਂ ਦੇ 58ਵੇਂ ਜਨਮ ਦਿਨ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹ ਦੇਸ਼ ਦੀ ਤਰੱਕੀ ਲਈ ਬਹੁਤ ਸਾਰੇ ਯਤਨ ਕਰ ਰਹੇ ਹਨ। ਪੀਐਮ ਮੋਦੀ ਨੇ ਟਵੀਟ ਕਰਕੇ ਕਿਹਾ, ਗ੍ਰਹਿ ਮੰਤਰੀ ਦੇ ਰੂਪ 'ਚ ਉਹ ਸਾਡੇ ਦੇਸ਼ ਦੀ ਤਰੱਕੀ ਲਈ ਬਹੁਤ ਸਾਰੇ ਯਤਨ ਕਰ ਰਹੇ ਹਨ। ਉਹ ਮਹੱਤਵਪੂਰਨ ਸਹਿਕਾਰੀ ਖੇਤਰ ਵਿੱਚ ਸੁਧਾਰ ਕਰਨ ਵਿੱਚ ਵੀ ਸ਼ਲਾਘਾਯੋਗ ਕੰਮ ਕਰ ਰਹੇ ਹਨ ਅਤੇ ਉਹ ਸਾਡੇ ਦੇਸ਼ ਦੀ ਸੇਵਾ ਵਿੱਚ ਇੱਕ ਲੰਬਾ ਅਤੇ ਸਿਹਤਮੰਦ ਜੀਵਨ ਬਤੀਤ ਕਰਨ।

 


 

ਅਮਿਤ ਸ਼ਾਹ ਦਾ ਜਨਮ

 

 ਅਮਿਤ ਸ਼ਾਹ ਦਾ ਜਨਮ 22 ਅਕਤੂਬਰ 1964 ਨੂੰ ਮੁੰਬਈ ਦੇ ਇੱਕ ਅਮੀਰ ਗੁਜਰਾਤੀ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਅਨਿਲਚੰਦਰ ਸ਼ਾਹ ਅਤੇ ਮਾਤਾ ਦਾ ਨਾਮ ਕੁਸੁਮਬੇਨ ਸ਼ਾਹ ਹੈ। ਉਨ੍ਹਾਂ ਦੀ ਪਤਨੀ ਦਾ ਨਾਂ ਸੋਨਲ ਸ਼ਾਹ ਅਤੇ ਬੇਟੇ ਦਾ ਨਾਂ ਜੈ ਸ਼ਾਹ ਹੈ। ਜੈ ਇਸ ਸਮੇਂ ਬੀਸੀਸੀਆਈ ਦੇ ਸਕੱਤਰ ਹਨ। ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਸ਼ਾਹ ਨੇ ਸਟਾਕ ਬ੍ਰੋਕਰ ਵਜੋਂ ਵੀ ਕੰਮ ਕੀਤਾ ਸੀ। ਅੱਜ ਸ਼ਾਹ ਨੂੰ ਸਿਆਸੀ ਜਗਤ ਦਾ ਚਾਣਕਯ ਕਿਹਾ ਜਾਂਦਾ ਹੈ। ਉਨ੍ਹਾਂ ਦੀ ਰਣਨੀਤੀ ਨੂੰ ਭਾਜਪਾ ਆਪਣੀ ਜਿੱਤ ਦੀ ਗਾਰੰਟੀ ਮੰਨਦੀ ਹੈ। ਜਦੋਂ ਤੋਂ ਉਨ੍ਹਾਂ ਨੂੰ ਭਾਜਪਾ ਵੱਲੋਂ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ, ਉਦੋਂ ਤੋਂ ਪਾਰਟੀ ਨੇ ਲਗਾਤਾਰ ਜਿੱਤ ਹਾਸਲ ਕੀਤੀ ਹੈ।

 

ਜਾਣੋ ਅਮਿਤ ਸ਼ਾਹ ਨਾਲ ਜੁੜੇ ਦਿਲਚਸਪ ਤੱਥ

ਅਮਿਤ ਸ਼ਾਹ ਨੇ ਆਪਣੀ ਸਕੂਲੀ ਪੜ੍ਹਾਈ ਗੁਜਰਾਤ ਦੇ ਮਹਿਸਾਨਾ ਤੋਂ ਕੀਤੀ ਸੀ। ਉਸਦੇ ਪਰਿਵਾਰ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਕਿਉਂਕਿ ਉਸਦੇ ਪਿਤਾ ਇੱਕ ਵਪਾਰੀ ਸਨ। ਸ਼ਾਹ ਨੇ ਆਪਣੇ ਪਿਤਾ ਦੇ ਕਾਰੋਬਾਰ ਅਤੇ ਅਹਿਮਦਾਬਾਦ ਦੇ ਸਹਿਕਾਰੀ ਬੈਂਕ ਵਿੱਚ ਇੱਕ ਸਟਾਕ ਬ੍ਰੋਕਰ ਵਜੋਂ ਕੰਮ ਕੀਤਾ ਸੀ।

ਉਹ ਬਚਪਨ ਤੋਂ ਹੀ ਰਾਸ਼ਟਰੀ ਸਵੈਮ ਸੇਵਕ ਸੰਘ ਵਿੱਚ ਦਿਲਚਸਪੀ ਰੱਖਦੇ ਸਨ ਅਤੇ ਆਪਣੇ ਕਾਲਜ ਦੇ ਦਿਨਾਂ ਵਿੱਚ ਆਰਐਸਐਸ ਦੇ ਵਲੰਟੀਅਰ ਬਣ ਗਏ ਸਨ। 1982 ਵਿੱਚ ਉਹ ਅਹਿਮਦਾਬਾਦ ਆਰਐਸਐਸ ਸਰਕਲਾਂ ਰਾਹੀਂ ਪਹਿਲੀ ਵਾਰ ਮੋਦੀ ਨੂੰ ਮਿਲੇ ਸੀ। 1986 ਵਿੱਚ ਸ਼ਾਹ ਨੇ ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ, ਭਾਰਤੀ ਜਨਤਾ ਯੁਵਾ ਮੋਰਚਾ ਨਾਲ ਜੁੜੇ।


1995 ਵਿੱਚ ਭਾਜਪਾ ਨੇ ਗੁਜਰਾਤ ਵਿੱਚ ਆਪਣੀ ਸਰਕਾਰ ਬਣਾਈ ਅਤੇ ਕੇਸ਼ੂਬਾਈ ਪਟੇਲ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਸ ਸਮੇਂ ਗੁਜਰਾਤ ਵਿੱਚ ਕਾਂਗਰਸ ਦੀ ਸਰਕਾਰ ਬਹੁਤ ਮਜ਼ਬੂਤ ​​ਸੀ ਅਤੇ ਮੋਦੀ-ਸ਼ਾਹ ਦੀ ਰਣਨੀਤੀ ਨੇ ਗੁਜਰਾਤ ਦੇ ਕਈ ਵੱਡੇ ਸ਼ਹਿਰਾਂ ਵਿੱਚੋਂ ਕਾਂਗਰਸ ਨੂੰ ਉਖਾੜ ਫੇਕਿਆ।

 

ਗੁਜਰਾਤ ਦੇ ਮੁੱਖ ਮੰਤਰੀ ਵਜੋਂ ਨਰਿੰਦਰ ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਦੌਰਾਨ ਉਹ ਗੁਜਰਾਤ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾ ਵਜੋਂ ਉਭਰੇ ਸਨ। ਸ਼ਾਹ 2002 ਦੀਆਂ ਚੋਣਾਂ ਤੋਂ ਬਾਅਦ ਭਾਜਪਾ ਦੇ ਸਭ ਤੋਂ ਨੌਜਵਾਨ ਨੇਤਾ ਬਣੇ ਸੀ।


ਮਈ 2014 ਵਿੱਚ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅਮਿਤ ਸ਼ਾਹ ਨੂੰ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਅਤੇ 24 ਜਨਵਰੀ 2016 ਨੂੰ ਮੁੜ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਮੋਦੀ ਦੇ ਕਰੀਬੀ ਰਹੇ ਸ਼ਾਹ ਨੂੰ 2014 ਵਿੱਚ ਭਾਜਪਾ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਦੀ ਵਿਸਤਾਰ ਮੁਹਿੰਮ ਸ਼ੁਰੂ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ। ਉਦੋਂ ਤੋਂ ਉਨ੍ਹਾਂ ਨੂੰ ਪਾਰਟੀ ਦੀ ਬੇਮਿਸਾਲ ਚੋਣ ਸਫਲਤਾ ਪਿੱਛੇ ਇੱਕ ਪ੍ਰਮੁੱਖ ਰਣਨੀਤੀਕਾਰ ਮੰਨਿਆ ਜਾਂਦਾ ਹੈ।


2019 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ,ਜਿਸ ਵਿੱਚ ਭਾਜਪਾ ਨੇ ਕੁੱਲ 542 ਵਿੱਚੋਂ 302 ਸੀਟਾਂ ਪ੍ਰਾਪਤ ਕੀਤੀਆਂ। ਸ਼ਾਹ ਨੇ ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਇਸਦੇ ਨਾਲ ਹੀ ਉਹ ਐਨਆਰਸੀ ਅਤੇ ਸੀਏਏ ਐਕਟ ਅਤੇ ਅਪਰਾਧਿਕ ਪ੍ਰਕਿਰਿਆ (ਪਛਾਣ) ਬਿੱਲ 2022 ਵਿੱਚ ਵੀ ਅਹਿਮ ਰਹੇ ।