ਅੰਮ੍ਰਿਤਸਰ: ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਸੁਰੱਖਿਆ ਏਜੰਸੀਆਂ ਵੱਲੋਂ ਮੌਕ ਡ੍ਰਿੱਲ ਕੀਤੀ ਗਈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਹਮਲੇ ਨਾਲ ਨਜਿੱਠਣ ਲਈ ਰਣਨੀਤੀ ਤਹਿਤ ਸਾਰੀਆਂ ਸੁਰੱਖਿਆ ਏਜੰਸੀਆਂ ਨੇ ਆਪਣੀ ਅਜ਼ਮਾਇਸ਼ ਕੀਤੀ। ਇਸ ਦੌਰਾਨ ਹਵਾਈ ਅੱਡੇ ਦੇ ਬਾਹਰਲੇ ਹਿੱਸੇ ਨੂੰ ਆਮ ਜਨਤਾ ਲਈ ਬੰਦ ਕਰ ਦਿੱਤਾ ਗਿਆ ਤੇ ਮੌਕ ਡ੍ਰਿੱਲ ਦੌਰਾਨ ਅੱਤਵਾਦੀਆਂ (ਨਕਲੀ) ਨੂੰ ਮੌਕੇ 'ਤੇ ਹੀ ਢੇਰ ਕਰ ਦਿੱਤਾ ਗਿਆ।

ਦਰਅਸਲ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਮਿਲੀ ਖਾਸ ਸੂਹ ਦੇ ਚੱਲਦਿਆਂ ਦੇਸ਼ ਦੇ ਸਾਰੇ ਹਵਾਈ ਅੱਡਿਆਂ 'ਤੇ ਚੌਕਸੀ ਵਧਾਈ ਗਈ ਹੈ। ਸੂਤਰਾਂ ਮੁਤਾਬਕ ਕੁਝ ਦਿਨ ਪਹਿਲਾਂ ਸੁਰੱਖਿਆ ਏਜੰਸੀਆਂ ਨੇ ਕੁਝ ਵਾਇਰਲੈੱਸ ਮੈਸੇਜ ਇੰਟਰਸੈਪਟ ਕੀਤੇ ਸਨ। ਇਸ ਤੋਂ ਬਾਅਦ ਦੇਸ਼ ਦੀਆਂ ਸਰਹੱਦਾਂ ਤੇ ਹਵਾਈ ਅੱਡਿਆਂ ਸਮੇਤ ਕਈ ਮਹੱਤਵਪੂਰਨ ਥਾਵਾਂ ਤੇ ਸੁਰੱਖਿਆ ਘੇਰਾ ਮਜਬੂਤ ਕਰ ਦਿੱਤਾ ਗਿਆ ਹੈ।

ਸੀ.ਆਈ.ਐਸ.ਐਫ. ਦੇ ਕਮਾਂਡੈਂਟ ਧਰਮਵੀਰ ਯਾਦਵ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਮੇਂ-ਸਮੇਂ ਤੇ ਅਜਿਹੀਆਂ ਐਕਸਰਸਾਈਜ਼ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ ਤੇ ਨਵੇਂ ਸਾਲ ਦੇ ਅੰਤ ਤੇ ਤਿਉਹਾਰਾਂ ਦਾ ਮੌਸਮ ਹੋਣ ਕਰਕੇ ਹਵਾਈ ਅੱਡੇ 'ਤੇ ਅਲਰਟ ਜਾਰੀ ਕੀਤਾ ਗਿਆ। ਅੱਜ ਕੀਤੇ ਗਏ ਇਸ ਮੌਕ ਡ੍ਰਿੱਲ ਜ਼ਰੀਏ ਸੁਰੱਖਿਆ ਏਜੰਸੀਆਂ ਇਹ ਵੀ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕਰ ਰਹੀਆਂ ਹਨ ਕਿ ਦੇਸ਼ ਦੇ ਨਾਗਰਿਕ ਦੇਸ਼ ਵਿੱਚ ਬਿਲਕੁਲ ਸੁਰੱਖਿਅਤ ਹਨ। ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਹਰ ਤਰ੍ਹਾਂ ਦੇ ਅੱਤਵਾਦੀ ਹਮਲੇ ਨੂੰ ਨਜਿੱਠਣ ਲਈ ਤਿਆਰ ਬਰ ਤਿਆਰ ਹਨ।