Punjab News: ਪੰਜਾਬ ਦੀ ਅੰਮ੍ਰਿਤਸਰ ਪੁਲਿਸ ਨੇ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ (Goldy Brar) ਦੇ ਦੋ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਦੋਵੇਂ ਵਿਅਕਤੀ ਗੋਲਡੀ ਬਰਾੜ ਦੇ ਗੁੰਡੇ ਹਨ ਅਤੇ ਉਹ ਗੋਲਡੀ ਬਰਾੜ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ।


ਕੁਝ ਦਿਨ ਪਹਿਲਾਂ ਚੰਡੀਗੜ੍ਹ 'ਚ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ 'ਚ ਉਸ ਨੇ ਇੱਕ ਸੁਰੱਖਿਆ ਏਜੰਸੀ ਦੇ ਮਾਲਕ 'ਤੇ ਕਰੀਬ ਅੱਠ ਰਾਊਂਡ ਫਾਇਰ ਕੀਤੇ ਸਨ। ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਦੋਵੇਂ ਵਿਅਕਤੀ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਇਨ੍ਹਾਂ ਦੀ ਪਛਾਣ ਹਰਸ਼ਦੀਪ ਸਿੰਘ ਤੇ ਗੁਰਸ਼ਰਨਪ੍ਰੀਤ ਸਿੰਘ ਵਜੋਂ ਹੋਈ ਹੈ।


ਪੁਲਿਸ ਨੇ ਦੱਸਿਆ ਕਿ ਮੋਹਾਲੀ 'ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਪਟਿਆਲਾ ਤੋਂ ਫ਼ਰੀਦਕੋਟ ਦੇ ਰਸਤੇ ਅੰਮ੍ਰਿਤਸਰ ਪਹੁੰਚਿਆ ਅਤੇ ਇੱਥੋਂ ਉਸ ਨੇ ਟਰੇਨ ਰਾਹੀਂ ਮੁੰਬਈ ਜਾਣਾ ਸੀ ਪਰ ਪੁਲਿਸ ਨੇ ਜਾਲ ਵਿਛਾ ਕੇ ਇਨ੍ਹਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।






ਪੁਲਿਸ ਨੇ ਦੱਸਿਆ ਕਿ ਜਿਸ ਟੈਕਸੀ ਵਿੱਚ ਉਹ ਪੰਜਾਬ ਵਿੱਚ ਸਫ਼ਰ ਕਰ ਰਹੇ ਸਨ, ਉਸ ਦੇ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ, ਜਿਸ ਨੂੰ ਅੰਮ੍ਰਿਤਸਰ ਪੁਲਿਸ ਨੇ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੇ ਗੋਲਡੀ ਬਰਾੜ ਨਾਲ ਸਿੱਧੇ ਸਬੰਧ ਸਨ ਅਤੇ ਗੋਲਡੀ ਬਰਾੜ ਨੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ 3 ਲੱਖ ਰੁਪਏ ਵੀ ਭੇਜੇ ਸਨ।


ਉਨ੍ਹਾਂ ਦੱਸਿਆ ਕਿ ਇਸ ਵੇਲੇ ਅੰਮ੍ਰਿਤਸਰ ਪੁਲਿਸ ਨੇ ਸਤਿੰਦਰਜੀਤ ਸਿੰਘ ਉਰਫ਼ ਗੈਂਗਸਟਰ ਗੋਲਡੀ ਬਰਾੜ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।