ਚੰਡੀਗੜ੍ਹ: ਕੱਲ੍ਹ ਸ਼ਾਮ ਭਿਆਨਕ ਰੇਲ ਹਾਦਸੇ ਵਿੱਚ ਕਈ ਲੋਕ ਟਰੇਨ ਦੀ ਚਪੇਟ ਵਿੱਚ ਆ ਗਏ। ਇੱਕ ਪਾਸੇ ਲੋਕ ਮੰਨ ਰਹੇ ਹਨ ਕਿ ਇਸ ਹਾਦਸੇ ਪਿੱਛੇ ਪ੍ਰਸ਼ਾਸਨ ਦੀ ਗ਼ਲਤੀ ਹੈ ਕਿ ਆਖ਼ਿਰ ਰੇਲਵੇ ਟਰੈਕ ਨਜ਼ਦੀਕ ਦੁਸਹਿਰਾ ਮਨਾਉਣ ਦੀ ਆਗਿਆ ਕਿਉਂ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ ਇਸੇ ਜਗ੍ਹਾ ’ਤੇ ਪਿਛਲੇ 10 ਸਾਲਾਂ ਤੋਂ ਲੋਕ ਇਸੇ ਤਰ੍ਹਾਂ ਦੁਸਹਿਰੇ ਦਾ ਤਿਉਹਾਰ ਮਨਾਉਂਦੇ ਆ ਰਹੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਰੇਲਵੇ ਟਰੈਕ ਨਜ਼ਦੀਕ ਰਾਵਣ ਸਾੜਨ ਦੀ ਪ੍ਰਥਾ ਇਕੱਲੇ ਅੰਮ੍ਰਿਤਸਰ ’ਚ ਹੀ ਨਹੀਂ, ਬਲਕਿ ਸੰਗਰੂਰ ਵਿੱਚ ਵੀ ਇਸੇ ਤਰ੍ਹਾਂ ਦੁਸਹਿਰਾ ਮਨਾਇਆ ਜਾਂਦਾ ਹੈ।

ਜ਼ਿਲ੍ਹਾ ਸੰਗਰੂਰ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਰਾਮ ਨਗਰ ਬਸਤੀ ਵਿੱਚ ਨਾ ਸਿਰਫ਼ ਰਾਵਣ ਨੂੰ ਰੇਲਵੇ ਟਰੈਕ ਨਜ਼ਦੀਕ ਰੇਲਵੇ ਦੀ ਹੀ ਜ਼ਮੀਨ ’ਤੇ ਸਾੜਿਆ ਜਾਂਦਾ ਹੈ ਬਲਕਿ ਕਈ ਦਿਨਾਂ ਤਕ ਚੱਲਣ ਵਾਲੀ ਰਾਮ ਲੀਲਾ ਦਾ ਮੰਚਨ ਵੀ ਟਰੈਕ ਦੇ ਬਿਲਕੁਲ ਨਾਲ ਕੀਤਾ ਜਾਂਦਾ ਹੈ ਤੇ ਇਸ ਥਾਂ ਹਰ ਸਾਲ ਸੈਂਕੜੇ ਗਿਣਤੀ ਲੋਕ ਦੁਸਹਿਰਾ ਵੇਖਣ ਲਈ ਇਕੱਠੇ ਹੁੰਦੇ ਹਨ।

ਪਿਛਲੇ ਕਈ ਸਾਲਾਂ ਤੋਂ ਰਾਮ ਲਾਲੀ ਦਾ ਮੰਚਨ ਕਰਨ ਵਾਲੀ ਪ੍ਰਬੰਧਕ ਟੀਮ ਦੇ ਇੱਕ ਮੈਂਬਰ ਨੇ ਦੱਸਿਆ ਕਿ ਉਹ ਹਰ ਸਾਲ ਇਸੇ ਥਾਂ ’ਤੇ ਰਾਮ ਲੀਲਾ ਦਾ ਮੰਚਨ ਕਰਦੇ ਹਨ ਤੇ ਇਸੇ ਥਾਂ ’ਤੇ ਰਾਵਣ ਫੂਕਿਆ ਜਾਂਦਾ ਹੈ। ਪਰ ਉਨ੍ਹਾਂ ਕਿਹਾ ਕਿ ਉਹ ਸੁਰੱਖਿਆ ਦੇ ਸਖ਼ਤ ਤੇ ਪੁਖ਼ਤਾ ਪ੍ਰਬੰਧ ਵੀ ਕਰਦੇ ਹਨ।

ਇਸ ਬਾਰੇ ਰੇਲਵੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਗੱਲ ਕਰਨੋਂ ਸਾਫ਼ ਮਨ੍ਹਾ ਕਰ ਦਿੱਤਾ। ਦੂਜੇ ਪਾਸੇ ਵੱਡਾ ਹਾਦਸਾ ਹੋ ਜਾਣ ਬਾਅਦ ਲੋਕਾਂ ਨੇ ਹੁਣ ਮੰਨਿਆ ਹੈ ਕਿ ਰੇਲਵੇ ਟਰੈਕ ਦੇ ਨਜ਼ਦੀਕ ਅਜਿਹੇ ਪ੍ਰੋਗਰਾਮ ਨਹੀਂ ਕਰਾਉਣੇ ਚਾਹੀਦੇ।