ਚੰਡੀਗੜ੍ਹ : ਪੰਜਾਬ ਰਾਜ ਵਿੱਚ ਘੱਟ ਗਿਣਤੀ ਵਰਗ ਨਾਲ ਸਬੰਧਤ ਵਿਦਿਆਰਥੀਆਂ ਦੇ ਵਿਦਿਅਕ ਪੱਧਰ ਨੂੰ ਉਚਾ ਚੁੱਕਣ ਲਈ ਸਮਾਜਿਕ ਨਿਆਂ, ਅਧਿਕਾਰਤ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਕੇਂਦਰੀ ਪ੍ਰਾਯੋਜਿਤ ਪ੍ਰੀ-ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ ਕਮ ਮੀਨਜ ਬੇਸਡ ਸਕਾਲਰਸ਼ਿਪ ਸਕੀਮ ਦਾ ਲਾਭ ਲੈਣ ਲਈ ਵਿਦਿਆਰਥੀ 30 ਸਤੰਬਰ 2022 ਤੱਕ ਆਨਲਾਈਨ ਅਪਲਾਈ ਕਰਨ। ਉਕਤ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤ ਅਤੇ ਘੱਟ ਗਿਣਤੀ ਮੰਤਰੀ ਡਾ.ਬਲਜੀਤ ਕੌਰ ਨੇ ਅੱਜ ਇੱਥੇ ਕੀਤਾ।



ਉਨ੍ਹਾਂ ਕਿਹਾ ਕਿ ਸੂਬੇ ਦੇ ਲੋੜਵੰਦ ਅਤੇ ਆਰਥਿਕ ਤੌਰ `ਤੇ ਕਮਜ਼ੋਰ ਲੋਕਾਂ ਦੀ ਭਲਾਈ ਕਰਨ ਦੇ ਦਿਸ਼ਾ-ਨਿਰਦੇਸਾ ਅਨੁਸਾਰ ਵਿਭਾਗ ਲਗਾਤਾਰ ਕਾਰਜ ਕਰ ਰਿਹਾ ਅਤੇ ਇਸੇ ਲੜੀ ਤਹਿਤ ਘੱਟ ਗਿਣਤੀ ਵਰਗ ਲਈ ਪ੍ਰੀ ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ਼ ਸਕਾਲਰਸ਼ਿਪ ਦਾ ਲਾਭ ਦੇਣ ਦਾ ਇੱਕ ਮੌਕਾ ਦਿੱਤਾ ਗਿਆ ਹੈ। ਡਾ.ਬਲਜੀਤ ਕੌਰ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਦਿਅਕ ਸਾਲ 2021-22 ਦੌਰਾਨ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 5,03,179 ਵਿਦਿਆਰਥੀ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 55,430 ਵਿਦਿਆਰਥੀ ਅਤੇ ਮੈਰਿਟ ਕਮ ਮੀਨਜ਼ ਸਕਾਲਰਸ਼ਿਪ ਸਕੀਮ ਤਹਿਤ 1716 ਵਿਦਿਆਰਥੀਆਂ ਨੂੰ ਵਜੀਫੇ ਦਾ ਲਾਭ ਪਹੁੰਚਾਇਆ ਗਿਆ ਹੈ।

ਚਾਲੂ ਸਾਲ 2022-23 ਦੌਰਾਨ ਵਿਦਿਆਰਥੀਆਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਪ੍ਰਦਾਨ ਕਰਨ ਲਈ ਘੱਟ ਗਿਣਤੀ ਮੰਤਰਾਲਾ, ਭਾਰਤ ਸਰਕਾਰ ਵੱਲੋਂ ਨੈਸ਼ਨਲ ਸਕਾਲਰਸ਼ਿਪ ਪੋਰਟਲ 20 ਜੁਲਾਈ 2022 ਨੂੰ ਸਮੂਹ ਰਾਜਾਂ ਲਈ ਖੋਲ੍ਹਿਆ ਗਿਆ ਹੈ। ਵਿਦਿਆਰਥੀਆਂ ਵੱਲੋਂ ਪ੍ਰੀ-ਮੈਟ੍ਰਿਕਸਕਾਲਰਸ਼ਿਪ ਸਕੀਮ ਲਈ ਆਨਲਾਈਨ 30 ਸਤੰਬਰ 2022 ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਮੈਰਿਟ-ਕਮ-ਮੀਨਜ ਬੇਸਡ ਸਕਾਲਰਸ਼ਿਪ ਲਈ ਆਨਲਾਈਨ 31 ਅਕਤੂਬਰ 2022 ਤੱਕ ਅਪਲਾਈ ਕੀਤਾ ਜਾ ਸਕਦਾ ਹੈ।  

ਇਸ ਸਕੀਮ ਦਾ ਲਾਭ ਲੈਣ ਲਈ ਵਿਦਿਆਰਥੀ ਘੱਟ ਗਿਣਤੀ ਭਾਈਚਾਰੇ(ਸਿੱਖ, ਮੁਸਲਿਮ, ਬੋਧੀ, ਪਾਰਸੀ, ਜੈਨ ਅਤੇ ਇਸਾਈ)ਨਾਲ ਸਬੰਧਤ ਹੋਵੇ, ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ ਆਮਦਨ ਹੱਦ 1.00ਲੱਖ ਰੁਪਏ, ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਆਮਦਨ 2.00 ਲੱਖ ਰੁਪਏ  ਅਤੇ ਮੈਰਿਟ-ਕਮ-ਮੀਨਜ਼ ਲਈ ਆਮਦਨ ਹੱਦ 2.50 ਲੱਖ ਰੁਪਏ ਹੈ। ਇਸ ਸਕੀਮ ਅਧੀਨ ਨੈਸ਼ਨਲ ਸਕਾਲਰਸ਼ਿਪ ਪੋਰਟਲ www.scholarships.gov.in  ਤੇ ਅਪਲਾਈ ਅਤੇ ਹੋਰ ਜਾਣਕਾਰੀ ਲਈ ਸਾਈਟ ਦਾ ਲਿੰਕ www.minorityaffairs.gov.in  ਜਾਂ ਮੋਬਾਇਲ ਐਪ-ਨੈਸਨਲ ਸਕਾਲਰਸ਼ਿਪ  (ਐਨ ਐਸ ਪੀ) ਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਹੈਲਪਲਾਈਨ ਨੰਬਰ 1800-11-2001(ਟੋਲਫ੍ਰੀ) ਤੇ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ।