ਚੰਡੀਗੜ੍ਹ: ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ 22 ਸਾਲਾਂ ਬਾਅਦ ਉਨ੍ਹਾਂ ਦੇ ਪੋਤੇ ਗੁਰਇਕਬਾਲ ਸਿੰਘ ਦੀ ਤਰਸ ਦੇ ਆਧਾਰ ’ਤੇ ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਨਿਯੁਕਤੀ ਕਰਕੇ ਕੈਪਟਨ ਸਰਕਾਰ ਕਸੂਤੀ ਘਿਰ ਗਈ ਹੈ।ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੈਂਬਰ ਪ੍ਰਵੀਨ ਕੁਮਾਰ ਨੇ ਇਸ ਨਿਯੁਕਤੀ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਸ ਅਹੁਦੇ ਲਈ ਗੁਰਇਕਬਾਲ ਦੇ ਅਯੋਗ ਹੋਣ ਬਾਰੇ ਪਟੀਸ਼ਨ ’ਤੇ ਹਾਈਕੋਰਟ ਦੇ ਜਸਟਿਸ ਰਾਕੇਸ਼ ਕੁਮਾਰ ਜੈਨ ਨੇ ਅਗਲੀ ਸੁਣਵਾਈ 5 ਦਸੰਬਰ ਤੈਅ ਕੀਤੀ ਹੈ।
ਇਸ ਨਿਯੁਕਤੀ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਤਰਨ ਤਾਰਨ ਦੇ ਪ੍ਰਵੀਨ ਕੁਮਾਰ ਨੇ ਦਾਅਵਾ ਕੀਤਾ ਕਿ ਕਿਸੇ ਵੀ ਹਾਲਤ ’ਚ ਉਨ੍ਹਾਂ ਦੇ ਪਰਿਵਾਰ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਦਾ ਵਿੱਤੀ ਤੇ ਰਾਜਸੀ ਰੁਤਬਾ ਕਾਫੀ ਉੱਚਾ ਹੈ। ਪ੍ਰਵੀਨ ਕੁਮਾਰ ਨੇ ਦੱਸਿਆ ਕਿ ਗੁਰਇਕਬਾਲ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਛੋਟਾ ਭਰਾ ਹੈ ਤੇ ਖੰਨਾ ਤੋਂ ਵਿਧਾਇਕ ਗੁਰਕੀਰਤ ਕੋਟਲੀ ਉਸ ਦੇ ਤਾਏ ਦਾ ਪੁੱਤ ਹੈ।
ਪਟੀਸ਼ਨਰ ਨੇ ਦਾਅਵਾ ਕੀਤਾ ਕਿ ਗੁਰਇਕਬਾਲ ਦੀ ਨਿਯੁਕਤੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਹਰੀ ਝੰਡੀ ਦਿੱਤੀ ਹੈ। ਇਸ ਨਿਯੁਕਤੀ ਲਈ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਹੈ। ਪੰਜਾਬ ’ਚ ਡੀਐਸਪੀ ਦੀ ਸਿੱਧੀ ਭਰਤੀ ਲਈ ਵੱਧ ਤੋਂ ਵੱਧ ਉਮਰ 28 ਸਾਲ ਹੈ, ਜਿਸ ਦੀ ਉਲੰਘਣਾ ਹੋਈ ਹੈ। ਉਸ ਨੇ ਕਿਹਾ ਕਿ ਇਸ ਨਿਯੁਕਤੀ ’ਤੇ ਵਿੱਤ ਵਿਭਾਗ ਨੇ ਵੀ ਇਤਰਾਜ਼ ਕੀਤਾ ਸੀ ਕਿ ਇਹ ਨਿਯੁਕਤੀ ਕਾਨੂੰਨੀ ਤੌਰ ’ਤੇ ਜਾਇਜ਼ ਨਹੀਂ ਹੋ ਸਕਦੀ।