ਮੋਗਾ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੁੰਗੀ ਦੀ ਫਸਲ ਉੱਤੇ MSP ਦਿੱਤੇ ਜਾਣ ਦੇ ਐਲਾਨ ਤੋਂ ਬਾਅਦ ਕਿਸਾਨਾਂ ਤੋਂ ਮੁੰਗੀ ਦੀ ਫਸਲ ਨੂੰ ਮਾਰਕਫੈਡ ਵੱਲੋਂ ਖਰੀਦ ਕਰਵਾਉਣ ਨੂੰ ਲੈ ਕੇ ਆੜਤੀ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਹੈ। ਆੜ੍ਹਤੀਆਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਹੜਤਾਲ ਸ਼ੁਰੂ ਕੀਤੀ ਹੋਈ ਹੈ।
ਹਾਸਲ ਜਾਣਕਾਰੀ ਅਨੁਸਾਰ ਹੁਣ ਮੁੰਗੀ ਦੀ ਖਰੀਦ ਆੜ੍ਹਤੀਆਂ ਰਾਹੀਂ ਨਹੀਂ ਕਾਰਵਾਈ ਜਾਵੇਗੀ ਤੇ ਨਾ ਹੀ ਆੜਤੀਆਂ ਨੂੰ ਉਨ੍ਹਾਂ ਦਾ ਬਣਦਾ ਕਮੀਸ਼ਨ ਦਿੱਤਾ ਜਾਵੇਗਾ ਤੇ ਲੇਬਰ ਵੀ ਮਾਰਕਫੈਡ ਆਪਣੀ ਲਾਵੇਗਾ। ਇਸ ਨਾਲ ਆੜ੍ਹਤੀਆਂ ਨੂੰ ਭਾਰੀ ਨੁਕਸਾਨ ਹੋਵੇਗਾ। ਇਸ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਆੜ੍ਹਤੀਏ ਮੋਗਾ ਦੀ ਦਾਣਾ ਮੰਡੀ ਵਿੱਚ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਦੀ ਅਗਵਾਈ ਵਿੱਚ ਇੱਕਠੇ ਹੋਏ ਤੇ ਰੋਸ ਰੈਲੀ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ।
ਆੜਤੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਉਨ੍ਹਾਂ ਦੇ ਨਾਲ ਮੀਟਿੰਗ ਰੱਖੀ ਸੀ ਪਰ ਉਨ੍ਹਾਂ ਨੂੰ ਚੰਡੀਗੜ ਸੱਦ ਕਰਕੇ ਉਨ੍ਹਾਂ ਦੇ ਨਾਲ ਗੱਲ ਨਹੀਂ ਕੀਤੀ ਤੇ ਮੀਟਿੰਗ ਰੱਦ ਕਰ ਦਿੱਤੀ। ਓਥੇ ਹੀ ਇਸ ਮੌਕੇ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਵੀ ਇਸ ਰੈਲੀ ਵਿੱਚ ਸ਼ਾਮਿਲ ਹੋਏ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ MSP ਲਾਗੂ ਕੀਤੀ ਹੈ, ਅਸੀ ਉਸਦਾ ਸਵਾਗਤ ਕਰਦੇ ਹਾਂ ਪਰ ਮਾਰਕਫੈਡ ਦੇ ਅਧਿਕਾਰੀ ਖਰੀਦ ਨਹੀਂ ਕਰ ਰਹੇ। ਜੇਕਰ ਸਰਕਾਰ ਨੇ ਕੋਈ ਪੁਖਤਾ ਹੱਲ ਨਹੀਂ ਕੱਢਿਆ ਤਾਂ ਕਿਸਾਨਾਂ ਨੂੰ ਫਿਰ ਤੋਂ ਸੜਕਾਂ ਉੱਤੇ ਆਉਣਾ ਪਵੇਗਾ।
ਦੱਸ ਦੇਈਏ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਸੀ। ਇਸ ਦੌਰਾਨ ਕਈ ਅਹਿਮ ਫੈਸਲਿਆਂ ’ਤੇ ਮੋਹਰ ਲਗਾਈ ਗਈ। ਇਸ ਵਿਚ ਮੂੰਗੀ ਦੀ ਫਸਲ ’ਤੇ ਘੱਟੋ ਘੱਟ ਸਮਰਥਨ ਮੁੱਲ਼ ਤੈਅ ਕੀਤਾ ਗਿਆ। ਪੰਜਾਬ ਵਿਚ ਮੂੰਗੀ ਦੀ ਫਸਲ 7275 ਰੁਪਏ ਪ੍ਰਤੀ ਕੁਇੰਟਲ ’ਤੇ ਖਰੀਦੀ ਜਾਵੇਗੀ।
ਮੰਤਰੀ ਮੰਡਲ ਨੇ ਮਾਰਕਫੈੱਡ ਵੱਲੋਂ ਸਾਲ 2022-23 ਲਈ ਗਰਮ ਰੁੱਤ ਦੀ ਮੂੰਗੀ ਦੀ ਫਸਲ ਘੱਟੋ-ਘੱਟ ਸਮਰਥਨ ਮੁੱਲ 7275 ਰੁਪਏ ਪ੍ਰਤੀ ਕੁਇੰਟਲ ਉਤੇ ਖਰੀਦਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮਾਰਕਫੈੱਡ ਨੂੰ ਇਹ ਫਸਲ ਖਰੀਦਣ ਲਈ ਸੂਬੇ ਦੀ ਨੋਡਲ ਏਜੰਸੀ ਬਣਾਇਆ ਗਿਆ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਗੈਪ ਫਡਿੰਗ ਵਜੋਂ 1875 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਾਰਕਫੈੱਡ ਨੂੰ ਲਗਪਗ 66.65 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।