ਚੰਡੀਗੜ੍ਹ: ਸੱਤ ਅਕਤੂਬਰ, ਯਾਨੀ ਕੱਲ੍ਹ ਪੂਰੇ ਪੰਜਾਬ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ਤੇ ਅਕਾਲੀ ਦਲ ਇੱਕ ਦੂਜੇ ਦੇ ਗੜ੍ਹ ਵਿੱਚ ਰੈਲੀਆਂ ਕਰ ਰਹੇ ਹਨ ਤੇ ਉੱਧਰ ‘ਆਪ’ ਦੇ ਬਾਗ਼ੀ ਧੜੇ ਦੇ ਨੇਤਾ ਸੁਖਪਾਲ ਖਹਿਰਾ ਕੱਲ੍ਹ ਬਰਗਾੜੀ ਵਿਖੇ ਸ਼ਾਂਤੀ ਮਾਰਚ ਕੱਢਣਗੇ। ਕਾਂਗਰਸ ਵੱਲੋਂ ਹਲਕਾ ਲੰਬੀ ਦੇ ਪਿੰਡ ਕਿੱਲਿਆਂਵਾਲੀ ਵਿੱਚ ਤੇ ਅਕਾਲੀ ਦਲ ਵੱਲੋਂ ਪਟਿਆਲਾ ਵਿੱਚ ਰੈਲੀ ਕੀਤੀ ਜਾਏਗੀ। ਤਿੰਨਾਂ ਪਾਰਟੀਆਂ ਦੇ ਲੀਡਰਾਂ ਨੇ ਅੱਜ ਆਪੋ-ਆਪਣੀ ਰੈਲੀ ਵਾਲੀ ਥਾਂ ਜਾ ਕੇ ਤਿਆਰੀਆਂ ਦਾ ਜਾਇਜ਼ਾ ਲਿਆ।
ਅਕਾਲੀਆਂ ਦੇ ਗੜ੍ਹ ’ਚ ਕਾਂਗਰਸੀਆਂ ਦਾ ਹੋਕਾ
ਲੰਬੀ ਵਿਖੇ ਕਾਂਗਰਸ ਦੀ ਰੈਲੀ ਦਾ ਜਾਇਜ਼ਾ ਲੈਣ ਲਈ ਕੈਪਟਨ ਸਰਕਾਰ ਦੇ 5 ਕੈਬਨਿਟ ਮੰਤਰੀ ਪੁੱਜੇ। ਸਮੂਹ ਮੰਤਰੀਆਂ ਨੇ ਤਿਆਰੀਆਂ ਦੇ ਜਾਇਜ਼ਾ ਲੈਣ ਪਿੱਛੋਂ ਸਥਾਨਕ ਕਾਂਗਰਸੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਕਾਂਗਰਸ ਦੇ ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਅਕਾਲੀਦਲ ਪ੍ਰਧਾਨ ਸੁਖਬੀਰ ਬਾਦਲ ’ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਅਫ਼ਸਰਾਂ ਨੂੰ ਧਮਕੀਆਂ ਦੇ ਰਹੇ ਹਨ, ਹਾਈ ਕੋਰਟ ਨੂੰ ਦਖ਼ਲ ਦੇ ਕੇ ਉਨ੍ਹਾਂ ਦੀ ਸੁਰੱਖਿਆ ਹਟਾ ਦੇਣੀ ਚਾਹੀਦੀ ਹੈ। ਕਾਂਗਰਸ ਦੇ ਇੱਕ ਹੋਰ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਹੁਣ ਅਸਤੀਫ਼ੇ ਦੇਣ ਦਾ ਕੋਈ ਫਾਇਦਾ ਨਹੀਂ, ਢੀਂਡਸਾ ਸਮੇਤ ਅਕਾਲੀ ਲੀਡਰਾਂ ਨੂੰ 2015 ’ਚ ਉਸ ਵੇਲੇ ਅਸਤੀਫੇ ਦੇਣਾ ਚਾਹੀਦਾ ਸੀ ਜਦ ਬੇਅਦਬੀ ਦੀ ਘਟਨਾ ਵਾਪਰੀ ਸੀ ਤੇ ਅਕਾਲੀ ਦਲ ਦੀ ਸਰਕਾਰ ਸੱਤਾ ਵਿੱਚ ਸੀ।
ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਸੁਖਬੀਰ ਬਾਦਲ ਕੱਲ੍ਹ ਦੀ ਰੈਲੀ ਦੇ ਇੰਤਜ਼ਾਰ ਕਰਨ, ਉਨ੍ਹਾਂ ਦੇ ਸਾਰੇ ਭੁਲੇਖੇ ਦੂਰ ਹੋ ਜਾਣਗੇ। ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਅਕਾਲੀ ਦਲ ਝੂਠੇ ਇਲਜ਼ਾਮ ਲਾਉਣ ਦੀ ਬਜਾਏ ਇਹ ਸਾਬਤ ਕਰਨ ਕਿ ਇਸ ਰੈਲੀ ਲਈ ਕਾਂਗਰਸ ਸਰਕਾਰੀ ਤੰਤਰ ਦਾ ਦੁਰਉਪਯੋਗ ਕਰ ਰਹੀ ਹੈ। ਇਨ੍ਹਾਂ ਤੋਂ ਇਲਾਵਾ ਕਾਂਗਰਸ ਵੱਲੋਂ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖਸਰਕਾਰੀਆ ਵੀ ਪੁੱਜੇ। ਬਠਿੰਡਾ ਦੇ ਆਈਡਜੀ ਐਮ ਐਫ ਫਾਰੂਕੀ ਨੇ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਸੁਰੱਖਿਆ ਦਾ ਸਖ਼ਤ ਇੰਤਜ਼ਾਮ ਕੀਤੇ ਗਏ ਹਨ।
ਕੈਪਟਨ ਦੇ ਸ਼ਹਿਰ ਪਟਿਆਲਾ ’ਚ ਗਰਜਣਗੇ ਬਾਦਲ
ਉੱਧਰ ਪਟਿਆਲਾ ਵਿਖੇ ਰੈਲੀ ਦੇ ਇੰਤਜ਼ਾਮ ਵੇਖਣ ਪੁੱਜੇ ਆਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ‘ਆਪ’ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਬੰਧੀ ਆਵਾਜ਼ ਬੁਲੰਦ ਕਰਨ ਵਾਲੇ ਹਰ ਬੰਦੇ ਦੇ ਨਾਲ ਖੜੇ ਹਨ ਪਰ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਸਵਾਲ ਕੀਤਾ ਕਿ ਜਦ ਅਕਾਲੀ ਦਲ ਨੇ ਇਹ ਕੇਸ CBI ਦੇ ਹਵਾਲੇ ਕਰ ਦਿੱਤਾ ਸੀ ਤਾਂ ਉਸ ਵੇਲੇ ‘ਆਪ’ ਕੈਪਟਨ ਦੇ ਗੁਣ ਗਾਉਂਦੀ ਸੀ, ਪਰ ਹੁਣ ‘ਆਪ’ ਆਗੂ ਧਰਨੇ ਕਿਉਂ ਦੇ ਰਹੇ ਹਨ? ਉਨ੍ਹਾਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।
ਬਰਗਾੜੀ ਮੋਰਚੇ ’ਚ ਡਟੇ ਖਹਿਰਾ, ਮ੍ਰਿਤਕ ਬੱਚੇ ਦੇ ਪਰਿਵਾਰ ਨੂੰ ਮਿਲਣਗੇ
ਫਰੀਦਕੋਟ ਵਿੱਚ ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਖਹਿਰਾ ਵਲੋਂ ਕੀਤੇ ਜਾਣ ਵਾਲੇ ਰੋਸ ਮਾਰਚ ਦੀਆਂ ਤਿਆਰੀਆਂ ਕੋਟਕਪੂਰਾ ਦੀ ਮੰਡੀ ਵਿੱਚ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੇ ਵਰਕਰਾਂ ਨੂੰ ਬਰਗਾੜੀ ਮੋਰਚਾ ਵਿੱਚ ਪਹੁੰਚਣ ਲਈ ਲਾਮਬੱਧ ਕੀਤਾ ਗਿਆ ਹੈ। ਖਹਿਰਾ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਦੀ ਰੈਲੀ ਮਹਿਜ਼ ਇੱਕ ਫੈਕਸ ਮੈਚ ਹੈ। ਇਨ੍ਹਾਂ ਨੇ ਬਰਗਾੜੀ ਮੋਰਚੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਇੱਕ ਦੂਜੇ ਦੇ ਗੜ੍ਹ ਵਿੱਚ ਇਹ ਰੈਲੀਆਂ ਰੱਖੀਆਂ ਹਨ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚ ਸ਼ਾਮਲ ਹੋਣ ਵਾਲੇ ਲੋਕ ਪੰਜਾਬ ਦੇ ਨਹੀਂ, ਬਲਕਿ ਹੋਰਨਾਂ ਸੂਬਿਆਂ ਤੋਂ ਪੈਸੇ ਦੇ ਕੇ ਲਿਆਂਦੇ ਜਾਂਦੇ ਹਨ।
ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਮਹਾਰਾਜਿਆਂ ਵਾਂਗ ਰੈਲੀਆਂ ਕਰਨਗੇ ਪਰ ਉਨ੍ਹਾਂ ਦਾ ਰੋਸ ਮਾਰਚ ਆਮ ਵਾਂਗ ਹੀ ਹੋਵੇਗਾ। ਵੱਡੀ ਗਿਣਤੀ ਵਿੱਚ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਰੋਸ ਮਾਰਚ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਇਲਜ਼ਾਮ ਲਾਏ ਕਿ ਅਕਾਲੀ ਤੇ ਕਾਂਗਰਸੀ ਸ਼ਰਾਬ ਦੀ ਬੋਤਲ ਦੇ ਕੇ ਭੀੜ ਇਕੱਠੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚੋਂ ਲੋਕ ਖੁਦ ਦੇ ਖਰਚੇ ’ਤੇ ਮਾਰਚ ਵਿੱਚ ਆ ਰਹੇ ਹਨ।
ਬੱਚੇ ਦੇ ਐਕਸੀਡੈਂਟ ਦੇ ਮਾਮਲੇ ’ਤੇ ਖਹਿਰਾ ਨੇ ਕਿਹਾ ਕਿ ਬੱਚੇ ਦੇ ਅਚਾਨਕ ਹੋਏ ਐਕਸੀਡੈਂਟ ਨੂੰ ਵਿਰੋਧੀ ਸਿਆਸੀ ਮੁੱਦਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਰੋਸ ਮਾਰਚ ਤੋਂ ਤੁਰੰਤ ਬਾਅਦ ਉਹ ਖ਼ੁਦ ਜਾ ਕੇ ਮ੍ਰਿਤਕ ਬੱਚੇ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਨਗੇ।