ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਬਾਰੇ ਮੁਹਿੰਮ ਚੱਲ ਰਹੀ ਹੈ। ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਹਮਾਇਤੀ ਇਹ ਮੁਹਿੰਮ ਚਲਾ ਰਹੇ ਹਨ। ਭਗਵੰਤ ਮਾਨ ਵੀ ਦਬਾਅ ਬਣਾ ਰਹੇ ਹਨ ਕਿ ਉਨ੍ਹਾਂ ਨੂੰ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਚਿਹਰਾ ਬਣਾਇਆ ਜਾਵੇ।
ਅਜਿਹੇ ਵਿੱਚ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਡਾ ਬਿਆਨ ਆਇਆ ਹੈ। ਉਨ੍ਹਾਂ ਸਪਸ਼ਟ ਕਹਿ ਦਿੱਤਾ ਹੈ ਕਿ ‘ਆਮ ਆਦਮੀ ਪਾਰਟੀ’ ਵਿੱਚ ਕਦੇ ਕਿਸੇ ਅਹੁਦੇ ਦੀ ਇੱਛਾ ਨਾ ਰੱਖਿਓ। ਬੇਸ਼ੱਕ ਕੇਜਰੀਵਾਲ ਨੇ ਇਹ ਗੱਲ਼ ਸਾਰੇ ਵਰਕਰਾਂ ਤੇ ਲੀਡਰਾਂ ਨੂੰ ਮੁਖਾਤਬ ਹੋ ਕੇ ਕਹੀ ਹੈ ਪਰ ਪੰਜਾਬ ਵਿੱਚ ਇਸ ਨੂੰ ਭਗਵੰਤ ਮਾਨ ਨਾਲ ਜੋੜਿਆ ਜਾ ਰਿਹਾ ਹੈ।
ਕੇਜਰੀਵਾਲ ਨੇ ਕੀ ਕਿਹਾ?
ਕੇਜਰੀਵਾਲ ਨੇ ਸ਼ਨੀਵਾਰ ਨੂੰ ਕੌਮੀ ਕੌਂਸਲ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਂ ਹਰ ਨਵੇਂ ਵਰਕਰ-ਨੇਤਾ ਨਾਲ ਸਿਰਫ ਇੱਕ ਹੀ ਗੱਲ ਕਰਦਾ ਹਾਂ ਕਿ ‘ਆਮ ਆਦਮੀ ਪਾਰਟੀ’ ਵਿੱਚ ਕਦੇ ਕਿਸੇ ਅਹੁਦੇ ਦੀ ਇੱਛਾ ਨਾ ਰੱਖਿਓ। ਸਾਨੂੰ ਦੇਸ਼ ਤੇ ਸਮਾਜ ਲਈ ਬਹੁਤ ਮਿਹਨਤ ਕਰਨੀ ਪਵੇਗੀ। ਆਪਣੇ ਖੁਦ ਦੇ ਖੇਤਰ ਵਿੱਚ ਕੰਮ ਕਰਦੇ ਰਹੋ ਤੇ ਸਖਤ ਮਿਹਨਤ ਕਰਦੇ ਰਹੋ, ਤੁਹਾਡੀ ਅੰਦਰੂਨੀ ਖੁਸ਼ੀ ਕੰਮ ਕਰ ਕੇ ਆਉਣੀ ਚਾਹੀਦੀ ਹੈ ਨਾ ਕਿ ਅਹੁਦਾ ਪ੍ਰਾਪਤ ਕਰਨ ਤੋਂ। ਤੁਹਾਡਾ ਕੰਮ ਅਜਿਹਾ ਹੋਣਾ ਚਾਹੀਦਾ ਹੈ ਕਿ ਪਾਰਟੀ ਤੁਹਾਡੇ ਕੋਲ ਆਵੇ ਅਤੇ ਕਹੇ ਕਿ ਤੁਸੀਂ ਇਹ ਅਹੁਦਾ ਲਵੋ। ਤੁਹਾਨੂੰ ਕੋਈ ਅਹੁਦਾ ਮੰਗਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਮੇਰੇ ਕੋਲ ਆਉਣਾ ਹੈ ਤੇ ਕੋਈ ਅਹੁਦਾ ਮੰਗਣਾ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਇਸ ਦੇ ਕਾਬਲ ਨਹੀਂ ਹੋ। ਅਜਿਹਾ ਕੰਮ ਕਰੋ ਕਿ ਅਰਵਿੰਦ ਕੇਜਰੀਵਾਲ ਤੁਹਾਡੇ ਕੋਲ ਆਵੇ ਅਤੇ ਖੁਦ ਕਹੇ ਕਿ ਮੈਂ ਤੁਹਾਡਾ ਕੰਮ ਵੇਖ ਲਿਆ ਹੈ, ਇਹ ਅਹੁਦਾ ਲਵੋ, ਤੁਸੀਂ ਇੱਥੋਂ ਚੋਣ ਲੜੋ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਮੈਂ ਖੁਦ ਕਹਿੰਦਾ ਹਾਂ ਕਿ ਤੁਸੀਂ ਇਹ ਅਹੁਦਾ ਲਵੋ, ਤੁਸੀਂ ਇਹ ਟਿਕਟ ਇੱਥੋਂ ਹੀ ਲਓ। ਜੇ ਤੁਹਾਡੇ ਮਨ ਵਿੱਚ ਕੋਈ ਅਹੁਦਾ ਲੈਣ ਦੀ ਇੱਛਾ ਜਾਗਦੀ ਹੈ, ਤਾਂ ਤੁਹਾਡੇ ਮਨ ਵਿੱਚ ਸੁਆਰਥ ਜਾਗਦਾ ਹੈ ਤੇ ਜਿਸ ਦੇ ਮਨ ਵਿੱਚ ਸੁਆਰਥ ਜਾਗ ਪਿਆ, ਫਿਰ ਉਹ ਸੇਵਾ ਕਰਨ ਦੇ ਯੋਗ ਨਹੀਂ ਰਹਿੰਦਾ। ਮੈਂ ਨਹੀਂ ਚਾਹੁੰਦਾ ਕਿ ਅਜਿਹਾ ਦਿਨ ਆਵੇ ਜਦੋਂ ਲੋਕ ਆਮ ਆਦਮੀ ਪਾਰਟੀ ਵੱਲ ਵੇਖਣ ਅਤੇ ਕਹਿਣ ਕਿ ਇਹ ਲੋਕ ਬੀਜੇਪੀ ਵਰਗੇ ਹੋ ਗਏ ਹਨ ਜਾਂ ਕਿਸੇ ਹੋਰ ਪਾਰਟੀ ਵਰਗੇ ਹੋ ਗਏ ਹਨ, ਜੇ ਅਹੁਦੇ ਦੀ ਇੱਛਾ ਮਨ ਵਿੱਚ ਉੱਠਦੀ ਹੈ, ਤਾਂ ਕੰਟਰੋਲ ਕਰਨ ਦਾ ਇੱਕ ਤਰੀਕਾ ਇਹ ਕਿ ਜੇ ਤੁਸੀਂ ਪਹਿਲਾਂ 8 ਘੰਟੇ ਕੰਮ ਕਰ ਰਹੇ ਹੋ, ਤਾਂ ਫਿਰ 10 ਘੰਟੇ, 12 ਘੰਟੇ ਤੇ 14 ਘੰਟੇ ਕੰਮ ਕਰੋ।
ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਬਹੁਤ ਛੋਟੀ ਉਮਰ ਵਿੱਚ ਹੀ ਮਹਾਨ ਕੁਰਬਾਨੀ ਦੇ ਦਿੱਤੀ ਸੀ। 23 ਸਾਲ ਦੀ ਉਮਰ ਵਿੱਚ, ਬੱਚਾ ਨੌਕਰੀ ਅਤੇ ਵਿਆਹ ਬਾਰੇ ਸੋਚ ਰਿਹਾ ਹੁੰਦਾ ਹੈ ਪਰ ਉਸ ਵਿਅਕਤੀ ਨੇ ਨਾ ਤਾਂ ਵਿਆਹ ਬਾਰੇ ਸੋਚਿਆ ਅਤੇ ਨਾ ਹੀ ਨੌਕਰੀ ਬਾਰੇ, ਉਸ ਨੇ ਕੇਵਲ ਦੇਸ਼ ਬਾਰੇ ਸੋਚਿਆ। ਜੇ ਭਗਤ ਸਿੰਘ ਇਹ ਸੋਚਦੇ ਕਿ ਜੇ ਦੇਸ਼ ਅਜ਼ਾਦ ਹੁੰਦਾ, ਤਾਂ ਮੈਨੂੰ ਇਹ ਅਹੁਦਾ ਮਿਲੇਗਾ ਜਾਂ ਜੇ ਮੈਨੂੰ ਉਹ ਅਹੁਦਾ ਮਿਲ ਜਾਂਦਾ ਤਾਂ ਕੀ ਹੁੰਦਾ। ਸਾਨੂੰ ਉਨ੍ਹਾਂ ਵਾਂਗ ਹੀ ਸੋਚਣਾ ਪਵੇਗਾ। ਬਾਬਾ ਸਾਹਿਬ ਅੰਬੇਡਕਰ ਇੱਕ ਗਰੀਬ ਪਰਿਵਾਰ ਵਿੱਚੋਂ ਆਏ, ਇੱਕ ਦਲਿਤ ਪਰਿਵਾਰ ਤੋਂ ਆਏ ਅਤੇ ਉਸ ਦੌਰ ਵਿੱਚ ਉਨ੍ਹਾਂ ਨੇ ਵਿਦੇਸ਼ ਤੋਂ ਦੋ ਡਾਕਟਰੇਟ ਡਿਗਰੀਆਂ ਪ੍ਰਾਪਤ ਕੀਤੀਆਂ ਤੇ ਦੇਸ਼ ਦਾ ਸੰਵਿਧਾਨ ਲਿਖਿਆ।
ਕੇਜਰੀਵਾਲ ਨੇ ਕਿਹਾ ਕਿ ‘ਆਮ ਆਦਮੀ ਪਾਰਟੀ’ ਦੇਸ਼ ਲਈ ਬਣੀ ਹੈ, ਸਮਾਜ ਲਈ ਬਣੀ ਹੈ। ਕਿਸੇ ਵੀ ਤਰੀਕੇ ਨਾਲ ਸੱਤਾ ਪ੍ਰਾਪਤ ਕਰਨਾ ਆਮ ਆਦਮੀ ਪਾਰਟੀ ਦਾ ਉਦੇਸ਼ ਨਹੀਂ ਹੈ। ਪਿਛਲੇ 7 ਤੋਂ 8 ਸਾਲਾਂ ਦੀ ਸਾਡੀ ਯਾਤਰਾ ਨੇ ਇਹ ਦਿਖਾਇਆ ਹੈ। ਆਮ ਆਦਮੀ ਪਾਰਟੀ ਸੇਵਾ ਅਤੇ ਕੁਰਬਾਨੀ ਲਈ ਬਣੀ ਹੈ ਅਤੇ ਕੁਰਬਾਨੀ ਸੇਵਾ ਲਈ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ, ਸਾਰੇ ਨਵੇਂ ਮੈਂਬਰ ਜੋ ਅੱਜ ਕੌਮੀ ਪ੍ਰੀਸ਼ਦ ਦੀ ਮੀਟਿੰਗ ਵਿੱਚ ਆਏ ਹਨ, ਉਨ੍ਹਾਂ ਨੂੰ ਇਹ ਗੱਲ ਗੰਢ ਬੰਨ੍ਹ ਲੈਣੀ ਚਾਹੀਦੀ ਹੈ ਕਿ ਸਾਡੇ ਦਿਮਾਗ ਵਿੱਚ ਸਿਰਫ ਇੱਕ ਗੱਲ ਰਹੇ ਕਿ ਅਸੀਂ ਸਮਾਜ ਦੀ ਸੇਵਾ ਕਿਵੇਂ ਕਰ ਸਕਦੇ ਹਾਂ, ਅਸੀਂ ਦੇਸ਼ ਦੀ ਸੇਵਾ ਕਿਵੇਂ ਕਰ ਸਕਦੇ ਹਾਂ। ਜੇ ਲੋੜ ਪਵੇ ਤਾਂ ਤੁਹਾਨੂੰ ਦੇਸ਼ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਸਾਡੇ ਦੇਸ਼ ਵਿੱਚ ਬਹੁਤ ਵੱਡੇ ਨੇਤਾ ਰਹੇ ਹਨ, ਅਜਿਹੇ ਆਜ਼ਾਦੀ ਘੁਲਾਟੀਏ ਹਨ ਜਿਨ੍ਹਾਂ ਨੂੰ ਅਸੀਂ ਬਹੁਤ ਸਤਿਕਾਰ ਨਾਲ ਵੇਖਦੇ ਹਾਂ, ਪਰ ਮੈਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦਾ ਨਾਂ ਲੈਣਾ ਚਾਹਾਂਗਾ। ਇਹ ਦੋਵੇਂ ਹੀ ਆਮ ਆਦਮੀ ਪਾਰਟੀ ਦੇ ਅੰਤਿਮ ਆਦਰਸ਼ ਹਨ ਤੇ ਆਮ ਆਦਮੀ ਪਾਰਟੀ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਹੀ ਚੱਲ ਰਹੀ ਹੈ।