ਗੁਰਦਾਸਪੁਰ: ਬਟਾਲਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੈਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਅਸ਼ਵਨੀ ਸੇਖੜੀ ਦੇ ਘਰ ਉਨ੍ਹਾਂ ਦੇ ਸਮਰਥਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਚੇਅਰਮੈਨ ਲਗਾਏ ਜਾਣ 'ਤੇ ਅਸ਼ਵਨੀ ਸੇਖੜੀ ਨੇ ਕਿਹਾ ਕਿ ਉਹ ਬਟਾਲਾ ਅਤੇ ਪੰਜਾਬ ਵਾਸਤੇ ਥੋੜੇ ਸਮੇਂ ਦੇ ਵਿੱਚ ਬਹੁਤ ਕੁਝ ਕਰਨਗੇ। 


ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਏ ਜਾਣ 'ਤੇ ਅਸ਼ਵਨੀ ਸੇਖੜੀ ਨੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਹੈ। ਜਦੋਂ ਅਸ਼ਵਨੀ ਸੇਖੜੀ ਨੂੰ ਅਕਾਲੀ ਦਲ ਵਿੱਚ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਕਦੀ ਵੀ ਅਕਾਲੀ ਦਲ ਵਿੱਚ ਜਾਣ ਬਾਰੇ ਨਹੀਂ ਕਿਹਾ ਸੀ ਅਤੇ ਨਾ ਹੀ ਕਦੀ ਮੈਂ ਕੋਈ ਬਿਆਨ ਦਿੱਤਾ ਸੀ। ਮੇਰਾ ਪਰਿਵਾਰ ਸ਼ੁਰੂ ਤੋਂ ਹੀ ਕਾਂਗਰਸੀ ਪਰਿਵਾਰ ਰਿਹਾ ਹੈ ਅਤੇ ਮੈਂ ਕਦੀ ਵੀ ਕਾਂਗਰਸ ਨੂੰ ਛੱਡਣ ਬਾਰੇ ਨਹੀਂ ਸੋਚਿਆ।


ਉਨ੍ਹਾਂ ਕਿਹਾ ਕਿ ਹਾਂ ਇਹ ਜ਼ਰੂਰ ਹੁੰਦਾ ਹੈ, ਕਿ ਜੋ ਵਰਕਰ ਵਧੀਆ ਕੰਮ ਕਰਦਾ ਹੋਵੇ, ਉਸਨੂੰ ਹਰ ਪਾਰਟੀ ਆਪਣੇ ਵਿੱਚ ਸ਼ਾਮਿਲ ਕਰਨਾ ਚਾਹੁੰਦੀ ਹੈ। ਅਸ਼ਵਨੀ ਸੇਖੜੀ ਨੇ ਕਿਹਾ ਕਿ ਚਾਹੇ ਪੰਜਾਬ ਵਿਚ ਚੋਣਾਂ ਦਾ ਸਮਾਂ ਬਹੁਤ ਘੱਟ ਹੈ, ਲੇਕਿਨ ਬਟਾਲਾ ਅਤੇ ਪੰਜਾਬ ਵਿਚ ਜਲਦੀ ਹੀ ਇਕ ਵੱਡਾ ਪ੍ਰੋਜੈਕਟ ਸਰਕਾਰ ਕੋਲੋਂ ਲੈਕੇ ਆਵਾਂਗਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬਟਾਲਾ ਵਿੱਚ ਧੜੇਬੰਦੀ ਸੀ, ਲੇਕਿਨ ਹੁਣ ਕੋਈ ਧੜੇਬੰਦੀ ਨਹੀਂ ਹੈ।


ਸੇਖੜੀ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੇ ਦੋ ਇੰਜਣ ਹਨ, ਜੋ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਇਹ ਦੋਵੇਂ ਇੰਜਣ ਇਕੋ ਲਾਈਨ 'ਤੇ ਚਲ ਰਹੇ ਹਨ ਅਤੇ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਹੋਰ ਮਜਬੂਤ ਕਰਕੇ ਦੋਬਾਰਾ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣਗੇ।