Punjab News: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਝੋਨੇ ਉੱਪਰ ਵਾਇਰਸ ਦਾ ਹਮਲਾ ਹੋਇਆ ਹੈ। 'ਸਦਰਨ ਰਾਈਸ ਬਲੈਕ ਸਟ੍ਰੀਕਡ ਡਵਾਰਫ ਵਾਇਰਸ' (SRBSDV) ਦੇ ਹਮਲੇ ਨਾਲ ਝੋਨੇ ਦੇ ਪੌਦਿਆਂ ਦਾ ਵਿਕਾਸ ਰੁਕ ਗਿਆ ਹੈ। ਸਭ ਤੋਂ ਪਹਿਲਾਂ ਇਸ ਦਾ ਹਮਲਾ ਸਾਲ 2001 ਵਿੱਚ ਚੀਨ ਦੇ ਦੱਖਣੀ ਹਿੱਸੇ ਵਿੱਚ ਹੋਇਆ ਸੀ। ਇਸ ਨਾਲ ਫਸਲਾਂ ਬਹੁਤ ਪ੍ਰਭਾਵਿਤ ਹੋਈਆਂ ਸੀ।


ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਨੇ 'ਸਦਰਨ ਰਾਈਸ ਬਲੈਕ ਸਟ੍ਰੀਕਡ ਡਵਾਰਫ ਵਾਇਰਸ' (SRBSDV) ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਝੋਨੇ ਦੇ ਪੌਦਿਆਂ ਦੇ ਵਿਕਾਸ ਨੂੰ ਰੋਕਣ ਲਈ ਜ਼ਿੰਮੇਵਾਰ ਪਾਇਆ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ SRBSDV ਦੇ ਪ੍ਰਕੋਪ ਦਾ ਪਤਾ ਲੱਗਾ ਹੈ। 



ਪੀਏਯੂ ਦੇ ਮਾਹਿਰਾਂ ਮੁਤਾਬਕ ਝੋਨੇ ਦੇ ਬੂਟਿਆਂ ਦੇ ਛੋਟੇ ਰਹਿਣ ਦਾ ਅਸਲ ਕਾਰਨ SRBSDV ਹੈ। ਸ੍ਰੀ ਫਤਹਿਗੜ੍ਹ ਸਾਹਿਬ, ਪਟਿਆਲਾ, ਹੁਸ਼ਿਆਰਪੁਰ, ਲੁਧਿਆਣਾ, ਪਠਾਨਕੋਟ, ਐਸਏਐਸ ਨਗਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਤੋਂ ਝੋਨੇ ਦੇ ਬੂਟੇ ਨਾ ਵਧਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕੀਤਾ ਤੇ ਸੰਕਰਮਿਤ ਪੌਦਿਆਂ ਦੇ ਸੈਂਪਲ ਲਏ ਤੇ ਉਨ੍ਹਾਂ ਦੀ ਜਾਂਚ ਕੀਤੀ। ਟੀਮ ਨੇ ਪਾਇਆ ਕਿ 15-25 ਜੂਨ ਦੌਰਾਨ ਬੀਜੀਆਂ ਗਈਆਂ ਫ਼ਸਲਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ।



ਵਿਗਿਆਨੀਆਂ ਅਨੁਸਾਰ, ਸੰਕਰਮਿਤ ਪੌਦੇ ਬਹੁਤ ਛੋਟੇ ਸਨ। ਉਨ੍ਹਾਂ ਦੇ ਪੱਤੇ ਪਤਲੇ ਤੇ ਸਿੱਧੇ ਸਨ। ਪੌਦਿਆਂ ਦੀਆਂ ਜੜ੍ਹਾਂ ਤੇ ਤਣੇ ਦੋਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਆਮ ਪੌਦਿਆਂ ਦੇ ਮੁਕਾਬਲੇ ਘੱਟ ਵਿਕਸਤ ਪੌਦਿਆਂ ਦੀ ਉਚਾਈ ਵਿੱਚ ਇੱਕ ਤਿਹਾਈ ਤੋਂ ਅੱਧੇ ਤੱਕ ਦੀ ਕਮੀ ਆਈ ਹੈ। ਪੌਦਿਆਂ ਦੀਆਂ ਜੜ੍ਹਾਂ ਖੋਖਲੀਆਂ​ਸਨ ਤੇ ਆਸਾਨੀ ਨਾਲ ਪੁੱਟੀਆਂ ਜਾ ਸਕਦੀਆਂ ਸਨ। ਖੇਤਾਂ ਵਿੱਚ ਝੋਨੇ ਦੀਆਂ ਲਗਪਗ ਸਾਰੀਆਂ ਕਿਸਮਾਂ ਵਿੱਚ ਇਹੋ ਜਿਹੀਆਂ ਸਮੱਸਿਆਵਾਂ ਦੇਖਣ ਨੂੰ ਮਿਲੀਆਂ।


 


ਦੱਸ ਦਈਏ ਕਿ SRBSD ਵਾਇਰਸ ਉਨ੍ਹਾਂ ਝੋਨੇ ਦੇ ਖੇਤਾਂ ਵਿੱਚ ਜ਼ਿਆਦਾ ਦੇਖਿਆ ਗਿਆ ਜਿੱਥੇ 25 ਜੂਨ ਤੋਂ ਪਹਿਲਾਂ ਲਵਾਈ ਹੋਈ ਸੀ। ਟੀਮ ਨੇ ਦੇਖਿਆ ਕਿ ਇਸ ਦਾ ਪ੍ਰਕੋਪ ਅਗੇਤੀ ਬੀਜੀ ਗਈ ਝੋਨੇ ਦੀ ਫ਼ਸਲ ਵਿੱਚ ਜ਼ਿਆਦਾ ਹੈ, ਭਾਵੇਂ ਕੋਈ ਵੀ ਕਿਸਮ ਹੋਵੇ। ਪੀਏਯੂ ਦੇ ਵਿਗਿਆਨੀਆਂ ਅਨੁਸਾਰ 15-25 ਜੂਨ ਵਿੱਚ ਬੀਜੀ ਗਈ ਝੋਨੇ ਦੀ ਫ਼ਸਲ ਬਾਅਦ ਵਿੱਚ ਬੀਜੀ ਫਸਲ ਨਾਲੋਂ ਜ਼ਿਆਦਾ ਪ੍ਰਭਾਵਿਤ ਹੋਈ।