ਜਲੰਧਰ: ਪੰਜਾਬ ਦੇ ਠੇਕਾ ਮੁਲਾਜ਼ਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੂੰ ਅੱਜ 'ਧੱਕੇਸ਼ਾਹੀ ਐਵਾਰਡ' ਨਾਲ ਸਨਮਾਨਤ ਕਰ ਰਹੇ ਹਨ। ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਆਸ਼ੀਸ਼ ਜੁਲਾਹਾ ਮੁਤਾਬਕ ਕੈਪਟਨ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿਹਾ ਸੀ ਕਿ ਉਹ ਜਿੱਤੇ ਤਾਂ ਸਾਰੇ ਮੁਲਾਜ਼ਮਾਂ ਨੂੰ ਪੱਕਾ ਕਰ ਦੇਣਗੇ। ਹੁਣ ਉਹ ਪੱਕਾ ਕਰਨ ਦੀ ਥਾਂ ਨਵਾਂ ਬਿੱਲ ਲਿਆ ਕੇ ਤਨਖਾਹਾਂ ਘਟਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ, "ਅਸੀਂ ਇਸ ਤਰ੍ਹਾਂ ਦੇ ਐਵਾਰਡ ਕੈਪਟਨ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਦੇ ਰਹੇ ਹਾਂ ਤਾਂ ਜੋ ਉਹ ਸਾਡੀ ਮੁਲਾਕਾਤ ਮੁੱਖ ਮੰਤਰੀ ਨਾਲ ਕਰਵਾਉਣ ਤੇ ਸੀਐਮ ਆਪਣਾ ਵਾਅਦਾ ਨਿਭਾਉਣ।" ਅੱਜ ਇਹ ਐਵਾਰਡ ਜਲੰਧਰ ਸੈਂਟਰਲ ਤੋਂ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ ਨੂੰ ਦੇਣ ਗਏ ਤਾਂ ਉਹ ਆਪਣੇ ਦਫਤਰ ਵਿੱਚ ਮੌਜੂਦ ਨਹੀਂ ਸਨ। ਠੇਕਾ ਮੁਲਾਜ਼ਮਾਂ ਨੇ ਇਹ ਐਵਾਰਡ ਉਨ੍ਹਾਂ ਦੇ ਦਫਤਰ ਬਾਹਰ ਰੱਖ ਦਿੱਤਾ।
ਇਸ ਤੋਂ ਪਹਿਲਾਂ ਇਹ ਠੇਕਾ ਮੁਲਾਜ਼ਮ ਕੈਪਟਨ ਦੇ ਟਵੀਟ ਦਾ ਜਨਮ ਦਿਨ ਮਨਾਉਣ ਤੋਂ ਪਹਿਲਾਂ 'ਮੁੱਖ ਮੰਤਰੀ ਮਿਲਾਓ ਇਨਾਮ ਪਾਓ' ਯੋਜਨਾ ਤਹਿਤ ਵੀ ਪ੍ਰਦਰਸ਼ਨ ਕਰ ਚੁੱਕੇ ਹਨ। ਅਸ਼ੀਸ਼ ਜੁਲਾਹਾ ਨੇ ਦੱਸਿਆ ਕਿ ਬੀਤੇ ਕੱਲ੍ਹ ਉਨ੍ਹਾਂ ਦੀ ਮੀਟਿੰਗ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨਾਲ ਹੋਈ ਪਰ ਉਨਾਂ ਨੇ ਨਵਾਂ ਬਿੱਲ ਲਿਆਉਣ ਦੀ ਗੱਲ ਆਖੀ।