ਪਰਮਜੀਤ ਸਿੰਘ


ਅਨੰਦਪੁਰ ਸਾਹਿਬ: ਸਿੱਖ ਇਤਿਹਾਸ ਉਨ੍ਹਾਂ ਸੂਰਬੀਰ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਦਾ ਇਤਿਹਾਸ ਹੈ, ਜਿਨ੍ਹਾਂ ਨੇ ਹਮੇਸ਼ਾ ਆਪਣੀ ਕੌਮ ਦੀ ਅਣਖ ਤੇ ਗ਼ੈਰਤ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰੀਆਂ ਤੇ ਐਸੇ ਹੀ ਅਨੋਖੇ ਅਮਰ ਸ਼ਹੀਦ ਹੋਏ ਬਾਬਾ ਦੀਪ ਸਿੰਘ ਜੀ ਹਨ।

ਬਾਬਾ ਦੀਪ ਸਿੰਘ ਦਾ ਬਚਪਨ ਦਾ ਨਾਂ ਦੀਪਾ ਸੀ। ਉਨ੍ਹਾਂ ਦਾ ਜਨਮ ਮਾਤਾ ਜੀਉਣੀ ਜੀ ਦੀ ਕੁੱਖੋਂ 1682 ਈਸਵੀ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਪਹੁਵਿੰਡ ਵਿੱਚ ਹੋਇਆ। ਪਿੰਡ ਵਿੱਚ ਬਚਪਨ ਗੁਜ਼ਾਰਨ ਤੋਂ ਬਾਅਦ ਆਪ ਨੇ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਪਹੁਲ ਲਈ। ਸੁਡੌਲ ਸਰੀਰ ਦੇ ਮਾਲਕ ਬਾਬਾ ਦੀਪ ਸਿੰਘ ਦੇ ਜੀਵਨ ਵਿੱਚ ਵੱਡੀ ਤਬਦੀਲੀ ਆਈ ਤੇ ਉਹ ਹਮੇਸ਼ਾ ਬਾਣੀ ਵਿੱਚ ਲੀਨ ਰਹਿਣ ਲੱਗ ਪਏ।



ਬਾਬਾ ਦੀਪ ਸਿੰਘ ਨੇ 10ਵੇਂ ਪਾਤਸ਼ਾਹ ਦੀ ਫ਼ੌਜ ਵਿੱਚ ਰਹਿ ਕੇ ਕਈ ਜੰਗਾਂ ਵਿੱਚ ਵੀ ਹਿੱਸਾ ਲਿਆ। ਦਸਮ ਪਾਤਸ਼ਾਹ ਦਾ ਹੁਕਮ ਮੰਨ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਆ ਗਏ। ਇੱਥੇ ਆਪ ਨੇ ਭਾਈ ਮਨੀ ਸਿੰਘ ਨਾਲ ਰਲ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਉਤਾਰਾ ਕੀਤਾ ਤੇ ਗੁਰੂ ਅਸਥਾਨ ਦੀ ਸੇਵਾ ਸੰਭਾਲ ਕੀਤੀ।

1749 ਈਸਵੀ ਦੌਰਾਨ ਜਦੋਂ ਸਿੱਖਾਂ ਦੀਆਂ ਕਈ ਮਿਸਲਾਂ ਸਨ ਤੇ ਸ਼ਹੀਦੀ ਮਿਸਲ ਦੇ ਮੁਖੀ ਬਾਬਾ ਦੀਪ ਸਿੰਘ ਜੀ ਸਨ। ਉਸ ਸਮੇਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ 'ਤੇ ਹਮਲਾ ਕਰਦਿਆਂ ਕਈ ਧਾਰਮਿਕ ਅਸਥਾਨ ਮਿੱਟੀ ਵਿਚ ਰੋਲ ਦਿੱਤੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਕੂੜੇ ਨਾਲ ਪੂਰ ਦਿੱਤਾ ਗਿਆ। ਇਸ ਬਾਰੇ ਜਦੋਂ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਖ਼ੂਨ ਉੱਤਰ ਆਇਆ। ਸੰਗਤ ਨੂੰ ਸੰਬੋਧਨ ਕਰਦਿਆਂ ਬੇਅਦਬੀ ਦਾ ਬਦਲਾ ਲੈਣ ਲਈ ਪ੍ਰੇਰਿਆ ਤੇ ਅੰਮ੍ਰਿਤਸਰ ਵੱਲ ਵਹੀਰਾਂ ਘੱਤ ਲਈਆਂ।

ਉੱਧਰ, ਜਹਾਨ ਖ਼ਾਂ ਭਾਰੀ ਫ਼ੌਜ ਲੈ ਕੇ ਤਰਨ ਤਾਰਨ ਦੇ ਨਜ਼ਦੀਕ ਪਹੁੰਚ ਚੁੱਕਾ ਸੀ। ਦੋਵਾਂ ਫ਼ੌਜਾਂ ਦੇ ਟਾਕਰੇ ਹੋ ਗਏ। ਸਿੰਘ ਫ਼ਤਹਿ ਦੇ ਜੈਕਾਰੇ ਗੂੰਜਾਉਂਦੇ ਅਗਾਂਹ ਵਧਦੇ ਗਏ। ਬਾਬਾ ਦੀਪ ਸਿੰਘ ਦੀ ਗਰਦਨ 'ਤੇ ਇੱਕ ਘਾਤਕ ਵਾਰ ਹੋਇਆ ਬਾਬਾ ਜੀ ਦੀ ਗਰਦਨ ਦਾ ਕਾਫੀ ਹਿੱਸਾ ਲੱਥ ਗਿਆ। ਇਹ ਦੇਖ ਨੇੜੇ ਖਲੋਤੇ ਸਿੰਘ ਨੇ ਕਿਹਾ ਬਾਬਾ ਜੀ ਅਰਦਾਸ ਤਾਂ ਆਪਣੀ ਇਹ ਸੀ ਕਿ ਸ਼ਹੀਦੀ ਹਰਿਮੰਦਰ ਸਾਹਿਬ ਵਿੱਚ ਪਾਵਾਂਗੇ।



ਇਹ ਸੁਣਦਿਆਂ ਹੀ ਬਾਬਾ ਦੀਪ ਸਿੰਘ ਸਾਵਧਾਨ ਹੋਏ ਤੇ ਦੋ ਧਾਰੀ ਖੰਡੇ ਨੂੰ ਵਾਹੁੰਦੇ ਹੋਏ ਦੁਸ਼ਮਣਾਂ ਦੇ ਸਿਰ ਕਲਮ ਕਰਦੇ ਅੰਤ ਦਰਬਾਰ ਸਾਹਿਬ ਪਹੁੰਚੇ ਤੇ ਪਰਿਕਰਮਾਂ ਵਿੱਚ ਨਮਸਕਾਰ ਕੀਤਾ ਤੇ ਸ਼ਹੀਦੀ ਜਾਮ ਪੀ ਗਏ। ਹਰਿਮੰਦਰ ਸਾਹਿਬ ਵਿਖੇ ਜਿਸ ਥਾਂ ਉਨ੍ਹਾਂ ਆਖ਼ਰੀ ਸਾਹ ਲਏ, ਉੱਥੇ ਬਾਬਾ ਦੀਪ ਸਿੰਘ ਦਾ ਸ਼ਹੀਦੀ ਅਸਥਾਨ ਬਣਿਆ ਹੋਇਆ ਹੈ।