ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਤਲਵੰਡੀ ਸਾਬੋ ਤੋਂ ਵਿਧਾਇਕ ਤੇ ਚੀਫ਼ ਸਪੋਕਸਪਰਸਨ ਪ੍ਰੋ. ਬਲਜਿੰਦਰ ਕੌਰ ਨੇ ਬਾਦਲ ਪਰਿਵਾਰ 'ਤੇ ਫਿਰ ਤੋਂ ਪੰਥਕ ਡਰਾਮੇਬਾਜ਼ੀ ਕਰਨ ਦਾ ਇਲਜ਼ਾਮ ਲਾਇਆ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਥ ਨੂੰ ਹਮੇਸ਼ਾ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਵਰਤਿਆ ਹੈ। ਹੁਣ ਵੀ ਵਰਤਣ ਦੀ ਫ਼ਿਰਾਕ ਵਿੱਚ ਹਨ। ਇਸ ਲਈ ਪੰਜਾਬ ਦੇ ਲੋਕਾਂ ਨੂੰ ਬਾਦਲਾਂ ਦੀਆਂ ਗਿਰਗਿਟੀ ਚਾਲਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।


'ਆਪ' ਵਿਧਾਇਕ ਨੇ ਕਿਹਾ ਕਿ ਪੰਥਕ ਸੰਸਥਾਵਾਂ ਤੇ ਪੰਜਾਬ ਦਾ ਜੋ ਘਾਣ ਬਾਦਲ ਪਰਿਵਾਰ ਤੇ ਉਨ੍ਹਾਂ ਦੇ ਚੇਲੇ ਚਪਟਿਆਂ ਨੇ ਕੀਤਾ, ਇਹ ਕਿਸੇ ਤੋਂ ਲੁਕਿਆ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਬਾਰੇ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਬਾਦਲਾਂ ਵੱਲ ਹੋਏ ਇਸ਼ਾਰਿਆਂ ਤੋਂ ਬਾਅਦ ਹੁਣ ਗਿਆਨੀ ਇਕਬਾਲ ਸਿੰਘ ਦੇ ਸਨਸਨੀਖ਼ੇਜ਼ ਖ਼ੁਲਾਸਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਪੈਸੇ ਤੇ ਸੱਤਾ ਲਈ ਬਾਦਲਾਂ ਦਾ ਟੱਬਰ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।

ਬਲਜਿੰਦਰ ਕੌਰ ਨੇ ਕਿਹਾ ਕਿ 10 ਸਾਲਾਂ ਦੇ ਮਾਫ਼ੀਆ ਰਾਜ ਦੌਰਾਨ ਬਾਦਲ ਪਰਿਵਾਰ ਨੇ ਪੰਜਾਬ ਨੂੰ ਆਰਥਿਕ, ਧਾਰਮਿਕ ਤੇ ਸਮਾਜਿਕ ਪੱਧਰ 'ਤੇ ਬਰਾਬਰ ਤਬਾਹ ਕੀਤਾ ਹੈ। ਪੰਜਾਬ ਤੇ ਪੰਜਾਬੀਆਂ ਦਾ ਰੋਮ-ਰੋਮ ਕਰਜ਼ਾਈ ਕਰ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕੀਤੀ। ਪਿੰਡ ਪੱਧਰ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਪੰਜਾਬੀਆਂ ਨੂੰ ਕਦੇ ਪੰਥ ਤੇ ਕਦੇ ਪਾਰਟੀ ਦੇ ਨਾਂ 'ਤੇ ਵੰਡਣ ਤੇ ਸਮਾਜਿਕ ਤੌਰ 'ਤੇ ਤੋੜਨ ਦੀਆਂ ਚਾਲਾਂ ਚਲੀਆਂ, ਮਕਸਦ ਸਿਰਫ਼ ਵੋਟਾਂ ਹਾਸਲ ਕਰਨਾ ਹੀ ਰਿਹਾ।

ਬਲਜਿੰਦਰ ਕੌਰ ਨੇ ਕਿਹਾ ਕਿ ਪੰਥ, ਪੰਜਾਬ, ਪੰਜਾਬ ਦੇ ਪਾਣੀ, ਪੰਜਾਬ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਤੇ 1984 ਦੇ ਭਾਵਨਾਤਮਕ ਨਾਅਰਿਆਂ ਰਾਹੀਂ ਵਾਰ-ਵਾਰ ਸੱਤਾ ਤਾਂ ਭੋਗੀ ਪਰ ਆਪਣੇ ਰਾਜ ਭਾਗ ਦੌਰਾਨ ਇਨ੍ਹਾਂ ਮੁੱਦਿਆਂ ਨੂੰ ਜਾਣਬੁੱਝ ਕੇ ਵਿਸਾਰੀ ਰੱਖਿਆ। ਹੁਣ ਜਦ ਸੱਤਾ ਤੋਂ ਲਾਂਭੇ ਹਨ ਤਾਂ ਦੁਬਾਰਾ ਪੰਥ ਤੇ ਪੰਜਾਬ ਹਿਤੈਸ਼ੀ ਹੋਣ ਦੇ ਡਰਾਮਿਆਂ 'ਤੇ ਉਤਰ ਆਏ ਹਨ। ਬਲਜਿੰਦਰ ਕੌਰ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ 'ਚ ਕਥਿਤ ਤੌਰ 'ਤੇ ਸ਼ਾਮਲ ਕਾਂਗਰਸੀ ਆਗੂ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਬਾਰੇ ਸੁਖਬੀਰ ਸਿੰਘ ਬਾਦਲ ਇੰਜ ਡਰਾਮਾ ਕਰ ਰਹੇ ਹਨ, ਜਿਵੇਂ ਕੇਂਦਰ 'ਚ ਵਿਰੋਧੀ ਧਿਰ ਦੀ ਸਰਕਾਰ ਹੋਵੇ।

ਉਨ੍ਹਾਂ ਕਿਹਾ ਕਿ ਜੇਕਰ ਬਾਦਲ ਕਮਲ ਨਾਥ ਸਮੇਤ 1984 ਦੇ ਸਿੱਖ ਕਤਲੇਆਮ ਦੇ ਸਾਰੇ ਦਾਗ਼ੀਆਂ ਅਤੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਸੱਚੀ-ਸੁੱਚੀ ਨੀਅਤ ਰੱਖਦੇ ਹਨ ਤਾਂ ਆਪਣੀ ਨਰਿੰਦਰ ਮੋਦੀ ਸਰਕਾਰ ਰਾਹੀਂ ਨਾ ਕੇਵਲ 1984 ਦੇ ਸਾਰੇ ਬੰਦ ਪਏ ਕੇਸ ਦੋਬਾਰਾ ਖੋਲ੍ਹਣ ਬਲਕਿ ਸਮਾਂਬੱਧ ਜਾਂਚ ਕਰਵਾ ਕੇ ਕਮਲ ਨਾਥ ਤੇ ਜਗਦੀਸ਼ ਟਾਈਟਲਰ ਸਾਰਿਆਂ ਨੂੰ ਜੇਲ੍ਹਾਂ 'ਚ ਸੁੱਟਣ, ਜਿੰਨਾ 'ਚ ਆਰਐਸਐਸ ਦੇ ਲੋਕ ਵੀ ਸ਼ਾਮਲ ਹਨ।

ਇਸੇ ਤਰ੍ਹਾਂ ਪੰਜਾਬ ਦੇ ਸਾਰੇ ਲੰਬਿਤ ਟਕਸਾਲੀ ਮੁੱਦਿਆਂ ਦੇ ਪੰਜਾਬ ਪੱਖੀ ਹੱਲ, ਪਹਾੜੀ ਰਾਜਾਂ ਦੀ ਤਰਜ਼ 'ਤੇ ਪੰਜਾਬ ਲਈ ਵਿਸ਼ੇਸ਼ ਉਦਯੋਗਿਕ ਪੈਕੇਜ, ਕਿਸਾਨਾਂ ਨੂੰ ਸਵਾਮੀਨਾਥਨ ਸਿਫ਼ਾਰਸ਼ਾਂ ਮੁਤਾਬਕ ਫ਼ਸਲਾਂ ਦੇ ਲਾਹੇਵੰਦ ਭਾਅ ਅਤੇ ਪੰਜਾਬ ਸਿਰ ਚੜ੍ਹੇ ਕਰਜ਼ ਦੇ ਨਿਪਟਾਰੇ ਲਈ ਭਾਜਪਾ ਨਾਲ ਲਕੀਰ ਖਿੱਚ ਕੇ ਸਟੈਂਡ ਲੈਣ ਜਾਂ ਫਿਰ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਤਿਆਗ ਕੇ ਭਾਜਪਾ ਨਾਲੋਂ ਪੱਕੇ ਤੌਰ 'ਤੇ ਸਿਆਸੀ ਨਾਤਾ ਤੋੜਨ।