Punjabi Boy: ਸਾਊਦੀ ਅਰਬ ’ਚ ਜੇਲ੍ਹ ’ਚ ਬੰਦ ਪਿੰਡ ਮੱਲ੍ਹਣ ਦਾ ਨੌਜਵਾਨ ਬਲਵਿੰਦਰ ਸਿੰਘ ਆਖਿਰ ਰਿਹਾਅ ਹੋ ਕੇ ਵਤਨ ਵਾਪਸ ਪਰਤ ਆਇਆ। ਜੇਲ੍ਹ ’ਚ ਬੰਦ ਰਹੇ ਬਲਵਿੰਦਰ ਸਿੰਘ ਨੂੰ ਉੱਥੇ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਉੱਥੋਂ ਦੀ ਸਰਕਾਰ ਵੱਲੋਂ ਉਸਦਾ ਸਿਰ ਕਲਮ ਕਰਨ ਜਾਂ ਦੋ ਕਰੋੜ ਰੁਪਏ ਅਦਾ ਕਰਨ ਤੇ ਸੱਤ ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ ਸੀ। ਇਸ ਵੱਡੀ ਮੁਸੀਬਤ ’ਚੋਂ ਆਖਿਰ ਬਲਵਿੰਦਰ ਵਤਨ ਵਾਪਸ ਪਰਤ ਆਇਆ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਚਿਹਰਿਆਂ ਉੱਤੇ ਇੱਕ ਖੁਸ਼ੀ ਹੈ ਕਿ ਪੁੱਤ ਵਾਪਸ ਆ ਗਿਆ।



ਕਾਫੀ ਦੁੱਖ ਅਤੇ ਤਸੀਹੇ ਝੱਲਣੇ ਪਏ


ਵਤਨ ਵਾਪਸ ਪਰਤੇ ਬਲਵਿੰਦਰ ਨੇ ਦੱਸਿਆ ਕਿ ਉਸਨੂੰ ਉੱਥੇ ਕਾਫੀ ਦੁੱਖ ਅਤੇ ਤਸੀਹੇ ਝੱਲਣੇ ਪਏ। ਨਸਲੀ ਭੇਦਭਾਵ ਦਾ ਵੀ ਸ਼ਿਕਾਰ ਹੋਣਾ ਪਿਆ। ਧਰਮ ਤਬਦੀਲ ਕਰਨ ਲਈ ਉਸਨੂੰ ਵਾਰ ਵਾਰ ਉਕਸਾਇਆ ਗਿਆ ਪਰ ਉਸਨੇ ਈਨ ਨਹੀਂ ਮੰਨੀ।


ਸਿਰ ਕਲਮ ਕਰਨ ਦੀ ਸਜ਼ਾ ਸੁਣਾ ਦਿੱਤੀ ਗਈ ਸੀ


ਸਾਊਦੀ ਅਰਬ ਸਰਕਾਰ ਵੱਲੋਂ ਉਸਦਾ ਸਿਰ ਕਲਮ ਕਰਨ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਪਰ ਪੰਜਾਬੀਆਂ ਵੱਲੋਂ 2 ਕਰੋੜ ਰੁਪਏ ਦੀ ਰਾਸ਼ੀ ਅਦਾ ਕਰ ਕੇ ਉਸਨੂੰ ਨਵਾਂ ਜੀਵਨਦਾਨ ਦਿੱਤਾ, ਜਿਸਦਾ ਉਹ ਸਦਾ ਕਰਜ਼ਦਾਰ ਰਹੇਗਾ।
ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਮੱਲ੍ਹਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਸਾਊਦੀ ਅਰਬ ਗਿਆ ਹੋਇਆ ਸੀ, ਉੱਥੇ ਇਕ ਕੰਪਨੀ ’ਚ ਝਗੜਾ ਹੋਇਆ ਸੀ ਤੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਸਬੰਧ ’ਚ ਬਲਵਿੰਦਰ ਸਿੰਘ ਨੂੰ ਸੱਤ ਸਾਲ ਪਹਿਲਾਂ ਸਾਊਦੀ ਅਰਬ ਦਾ 10 ਲੱਖ ਰਿਆਲ ਭਾਰਤ ਦਾ ਲਗਪਗ 2 ਕਰੋੜ ਰੁਪਏ ਜੁਰਮਾਨਾਂ ਕੀਤਾ ਗਿਆ ਸੀ। 7 ਸਾਲ ਸਜ਼ਾ ਪੂਰੀ ਹੋਣ ਤੋਂ ਬਾਅਦ ਜੁਰਮਾਨਾ ਨਾ ਅਦਾ ਕਰਨ ’ਤੇ 18 ਮਈ 2022 ਨੂੰ ਸਿਰ ਕਲਮ ਕੀਤਾ ਜਾਣਾ ਸੀ ਪਰ ਲੋਕਾਂ ਦੀ ਮੱਦਦ ਨਾਲ 22 ਮਈ 2022 ਨੂੰ 2 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕਰਕੇ ਸਾਊਦੀ ਅਰਬ ਭੇਜੀ ਗਈ। ਉਸ ਤੋਂ ਬਾਅਦ ਉੱਥੋਂ ਦੀ ਅਦਾਲਤ ਨੇ ਬਲਵਿੰਦਰ ਸਿੰਘ ਦੀ ਸਿਰ ਕਲਮ ਕਰਨ ਦੀ ਸਜ਼ਾ ਟਾਲ ਦਿੱਤੀ ਸੀ। ਮ੍ਰਿਤਕ ਦੇ ਪਰਿਵਾਰ ਨੂੰ ਰਾਸ਼ੀ ਦੇਣ ਤੋਂ ਬਾਅਦ ਵੀ ਅਦਾਲਤ ਵੱਲੋਂ ਬਲਵਿੰਦਰ ਸਿੰਘ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਸੀ ਜਿਸਤੋਂ ਬਾਅਦ ਪਰਿਵਾਰਿਕ ਮੈਂਬਰਾਂ ਸਮੇਤ ਬਹੁਤ ਸਾਰੇ ਪੰਜਾਬੀਆਂ ਵੱਲੋਂ ਕੀਤੇ ਲੰਬੇ ਸੰਘਰਸ਼ ਤੋਂ ਬਾਅਦ ਆਖਿਰਕਾਰ ਸਾਊਦੀ ਅਰਬ ਸਰਕਾਰ ਪਾਸੋਂ ਬਲਵਿੰਦਰ ਸਿੰਘ ਦੀ ਰਿਹਾਈ ਕਰਵਾਈ ਗਈ।


ਪਿੰਡ 'ਚ ਨਿੱਘਾ ਸਵਾਗਤ ਕੀਤਾ 


ਇਸ ਵੱਡੀ ਘਾਲਣਾ ਤੋਂ ਬਾਅਦ ਬਲਵਿੰਦਰ ਆਪਣੇ ਪਰਿਵਾਰ ’ਚ ਪਹੁੰਚ ਗਿਆ। ਭਾਵੇਂ ਕਿ ਉਸਦੇ ਮਾਤਾ ਪਿਤਾ ਉਸਦਾ ਮੁੱਖ ਵੇਖਿਆ ਬਿਨਾਂ ਹੀ ਇਸ ਜਹਾਨ ਤੋਂ ਰੁਖ਼ਸਤ ਹੋ ਗਏ ਪਰ ਬਲਵਿੰਦਰ ਦੇ ਵਤਨ ਵਾਪਸ ਆਉਣ ’ਤੇ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ’ਚ ਭਾਰੀ ਖੁਸ਼ੀ ਪਾਈ ਜਾ ਰਹੀ। ਪਿੰਡ ਮੱਲ੍ਹਣ ਪੁੱਜਣ ’ਤੇ ਪਿੰਡ ਵਾਸੀਆਂ ਵੱਲੋਂ ਉਸਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।