ਚੰਡੀਗੜ੍ਹ: ਸ਼ੌਰਯਾ ਚੱਕਰ ਅਵਾਰਡੀ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ 'ਚ ਉਨ੍ਹਾਂ ਦੀ ਪਤਨੀ ਜਗਦੀਸ਼ ਕੌਰ ਨੇ ਜਿੱਥੇ ਇੱਕ ਪਾਸੇ ਪੁਲਿਸ ਦੀ ਜਾਂਚ ਤੇ ਅਸੰਤੁਸ਼ਟੀ ਜਤਾਈ ਹੈ ਉਥੇ ਹੀ ਦੂਜੇ ਪਾਸੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਸ ਕੇਸ ਨੂੰ ਪੁਲਿਸ ਵਲੋਂ ਸੁਲਝਾ ਲਏ ਜਾਣ ਦਾ ਦਾਅਵਾ ਕੀਤਾ ਹੈ।
ਮੰਤਰੀ ਬਾਜਵਾ ਨੇ ਕਿਹਾ ਕਿ "ਪੁਲਿਸ ਵਲੋਂ ਕਰੀਬ ਕਰੀਬ ਇਸ ਮਾਮਲੇ ਨੂੰ ਸੁਲਝਾ ਲਿਆ ਹੈ ਅਤੇ ਸਚਾਈ ਇੱਕ ਦੋ ਦਿਨ 'ਚ ਸਾਮਣੇ ਆ ਜਾਵੇਗੀ।" ਇਸ ਦੇ ਨਾਲ ਹੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਜਾਬ 'ਚ ਲਾਅ ਐਂਡ ਆਡਰ ਦੀ ਸਾਥਿਤੀ ਬਾਰੇ ਕਿਹਾ ਕਿ "ਪੰਜਾਬ ਪੁਲਿਸ ਆਪਣੀ ਜਿੰਮੇਵਾਰੀ ਸਹੀ ਢੰਗ ਨਾਲ ਸੰਭਾਲ ਰਹੀ ਹੈ ਅਤੇ ਪੰਜਾਬ 'ਚ ਸਭ ਕੁਝ ਠੀਕ ਹੈ।"
ਪਰ ਬਲਵਿੰਦਰ ਸਿੰਘ ਦੀ ਪਤਨੀ ਜਗਦੀਸ਼ ਕੌਰ ਦਾ ਦਾਅਵਾ ਹੈ ਕਿ, ਪੁਲਿਸ ਜਾਂਚ ਸਹੀ ਦਿਸ਼ਾ ਵੱਲ ਨਹੀਂ ਜਾ ਰਹੀ ਹੈ।ਜਗਦੀਸ਼ ਕੌਰ ਦਾ ਕਹਿਣਾ ਹੈ ਕਿ ਪੁਲਿਸ ਉਸਦੇ ਪੁੱਤਰਾਂ ਅਤੇ ਉਨ੍ਹਾਂ ਦੇ ਦੋਸਤਾਂ ਨੂੰ ਹੀ ਤੰਗ ਪਰੇਸ਼ਾਨ ਕਰ ਰਹੀ ਹੈ।ਜਗਦੀਸ਼ ਕੌਰ ਨੇ ਕਿਹਾ ਕਿ, "ਅਸੀਂ ਪੁਲਿਸ ਨੂੰ ਇਸ ਕਤਲ ਪਿੱਛੇ ਖਾਲਿਸਤਾਨੀ ਤੱਤ ਹੋਣ ਬਾਰੇ ਦੱਸਿਆ ਹੈ।ਪਰ ਪਤਾ ਨਹੀਂ ਕਿਉਂ ਪੁਲਿਸ ਇਸ ਪਾਸੇ ਧਿਆਨ ਨਹੀਂ ਦੇ ਰਹੀ।"
ਦੱਸ ਦੇਈਏ ਕਿ 16 ਅਕਤੂਬਰ 2020 ਨੂੰ ਸ਼ੌਰਯਾ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਦਾ ਦੋ ਅਣਪਛਾਤੇ ਕਾਤਲਾਂ ਵਲੋਂ ਉਨ੍ਹਾਂ ਦੀ ਭਿੱਖੀਵਿੰਡ ਰਹਾਇਸ਼ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।