Barnala ਲਾਠੀਚਾਰਜ ਮਾਮਲਾ: ਸਫਾਈ ਸੇਵਕਾਂ ਦੇ ਸਮਰਥਨ 'ਚ ‘ਪੰਜਾਬ ਬੰਦ’ ਨੂੰ ਮਿਲਿਆ ਪੂਰਨ ਹੁੰਗਾਰਾ
Barnala Lathi-charge Incident: ਬਰਨਾਲਾ ਵਿਖੇ ਪਿਛਲੇ ਦਿਨੀਂ ਸਫਾਈ ਸੇਵਕਾਂ ਅਤੇ ਕੱਚੇ ਮੁਲਾਜ਼ਮਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਅੱਜ ਜਥੇਬੰਦੀਆਂ ਵੱਲੋਂ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਨੂੰ ਬਰਨਾਲਾ ਸਮੇਤ ਪੂਰੇ ਸੂਬੇ ਵਿੱਚ
Barnala Lathi-charge Incident : ਬਰਨਾਲਾ ਵਿਖੇ ਪਿਛਲੇ ਦਿਨੀਂ ਸਫਾਈ ਸੇਵਕਾਂ ਅਤੇ ਕੱਚੇ ਮੁਲਾਜ਼ਮਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਅੱਜ ਜਥੇਬੰਦੀਆਂ ਵੱਲੋਂ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਨੂੰ ਬਰਨਾਲਾ ਸਮੇਤ ਪੂਰੇ ਸੂਬੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੇ ਬਾਜ਼ਾਰ, ਵਪਾਰਕ ਅਦਾਰੇ ਅਤੇ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰਹੀਆਂ। ਸਫਾਈ ਸੇਵਕਾਂ ਦੇ ਦਰਦ ਨੂੰ ਸਮਝਦਿਆਂ ਵਪਾਰ ਮੰਡਲ ਅਤੇ ਆਮ ਲੋਕਾਂ ਨੇ ਵੀ ਇਸ ਹੜਤਾਲ ਦਾ ਪੂਰਨ ਸਮਰਥਨ ਕੀਤਾ।
ਨਗਰ ਨਿਗਮ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਗੋਸ਼ਨ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਨੇ ਆਪਣੀਆਂ ਹੱਕੀ ਮੰਗਾਂ ਮੰਗ ਰਹੇ ਗਰੀਬ ਮਜ਼ਦੂਰਾਂ 'ਤੇ ਲਾਠੀਆਂ ਬਰਸਾ ਕੇ ਸ਼ਰਮਨਾਕ ਕਾਰਾ ਕੀਤਾ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹਨ। ਉਨ੍ਹਾਂ ਕਿਹਾ ਕਿ ਤਨਖਾਹਾਂ ਵਿੱਚ ਮਾਮੂਲੀ ਵਾਧਾ ਕਰਕੇ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ। ਜਥੇਬੰਦੀ ਦੀ ਮੰਗ ਹੈ ਕਿ ਠੇਕੇਦਾਰੀ ਪ੍ਰਥਾ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਕੰਟਰੈਕਟ 'ਤੇ ਲਿਆਂਦਾ ਜਾਵੇ ਅਤੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰਕੇ ਘੱਟੋ-ਘੱਟ 18,000 ਰੁਪਏ ਤਨਖਾਹ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ 2027 ਦੀਆਂ ਚੋਣਾਂ ਵਿੱਚ ਮਾਸਟਰ ਦੇ ਪੁੱਤ ਹੋਣ ਦਾ ਅਹਿਸਾਸ ਜਨਤਾ ਕਰਵਾ ਦੇਵੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਬੰਦ ਦਾ ਸਮਰਥਨ ਕਰਦਿਆਂ ਕਿਹਾ ਕਿ ਸਾਡੇ ਸ਼ਹਿਰ ਨੂੰ ਸਾਫ਼ ਰੱਖਣ ਵਾਲੇ ਸਫਾਈ ਸੇਵਕਾਂ ਦੇ ਸਿਰ ਪਾੜਨੇ ਅਤੇ ਲੱਤਾਂ-ਬਾਹਾਂ ਤੋੜਨੀਆਂ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਡੀ.ਸੀ. ਰੇਟ ਤੋਂ ਵੀ ਘੱਟ ਤਨਖਾਹ 'ਤੇ ਗੁਜ਼ਾਰਾ ਕਰ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪੀੜਤਾਂ ਨਾਲ ਹਮਦਰਦੀ ਪ੍ਰਗਟਾਈ ਹੈ। ਦੀਵਾਨਾ ਨੇ ਮੰਗ ਕੀਤੀ ਕਿ ਐਸ.ਸੀ. ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਮੈਜਿਸਟ੍ਰੇਟ ਜਾਂ ਡੀ.ਸੀ. ਦੇ ਹੁਕਮਾਂ ਤੋਂ ਸਫਾਈ ਸੇਵਕਾਂ 'ਤੇ ਪਸ਼ੂਆਂ ਵਾਂਗ ਡੰਡੇ ਵਰ੍ਹਾਏ ਗਏ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਰਕਾਰ ਨੇ ਹੁਣ ਮੰਗਾਂ ਮੰਨਣੀਆਂ ਹੀ ਸਨ, ਤਾਂ ਇਹ ਕੰਮ ਮਜ਼ਦੂਰਾਂ ਦੇ ਸਿਰ ਫਾੜਨ ਤੋਂ ਪਹਿਲਾਂ ਕਿਉਂ ਨਹੀਂ ਕੀਤਾ ਗਿਆ? ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਮੁਕਰ ਕੇ ਸਰਕਾਰ ਹੁਣ ਦੋਸ਼ੀ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਢਿੱਲੋਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਸ਼ਹਿਰ 'ਚ ਗੰਦਗੀ ਦੇ ਢੇਰ ਲੱਗਣ ਨਾਲ ਭਿਆਨਕ ਬੀਮਾਰੀਆਂ ਫੈਲਣ ਦਾ ਖ਼ਤਰਾ ਹੈ, ਇਸ ਲਈ ਸਰਕਾਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਕੇ ਹੜਤਾਲ ਤੁਰੰਤ ਖ਼ਤਮ ਕਰਵਾਏ। ਸਥਾਨਕ ਲੋਕਾਂ ਅਤੇ ਵੱਖ-ਵੱਖ ਰਾਜਨੀਤਿਕ ਧਿਰਾਂ ਨੇ ਇੱਕ ਸੁਰ ਵਿੱਚ ਆਖਿਆ ਕਿ ਜਦੋਂ ਤੱਕ ਗਰੀਬ ਮੁਲਾਜ਼ਮਾਂ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਉਨ੍ਹਾਂ ਨੂੰ ਪੱਕਾ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
Before You Go
Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
ਟ੍ਰੈਂਡਿੰਗ ਟੌਪਿਕ

















