ਬਰਨਾਲਾ ਪੁਲਿਸ ਨੇ 2 ਔਰਤਾਂ ਸਮੇਤ 4 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ , ਫਿ਼ਰੋਜ਼ਪੁਰ 'ਚ ਵੀ ਅਫੀਮ ਤਸਕਰ ਕਾਬੂ
ਬਰਨਾਲਾ : ਬਰਨਾਲਾ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ। ਬਰਨਾਲਾ ਪੁਲਿਸ ਨੇ ਦੋ ਔਰਤਾਂ ਸਮੇਤ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 2500 ਨਸ਼ੀਲੀਆਂ ਗੋਲੀਆਂ, 45 ਨਸ਼ੀਲੀਆਂ ਬੋਤਲਾਂ, 10 ਗ੍ਰਾਮ ਹੈਰੋਇਨ 90,000 ਰੁਪਏ ਬਰਾਮਦ ਕੀਤੇ ਹਨ।ਇਸ ਦੇ ਨਾਲ ਹੀ ਬਰਨਾਲਾ ਦੇ ਇੱਕ ਡਰੇਨ 'ਚੋਂ ਮਿਲੀ ਲਾਸ਼ ਦੇ ਮਾਮਲੇ 'ਚ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ।
ਦੋਵੇਂ ਮ੍ਰਿਤਕ ਨੌਜਵਾਨ ਅਤੇ ਉਸਦਾ ਦੋਸਤ ਹੈਰੋਇਨ ਦਾ ਨਸ਼ਾ ਕਰਦੇ ਸਨ। ਮ੍ਰਿਤਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਮਹਿਲਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ 10 ਗ੍ਰਾਮ ਹੈਰੋਇਨ ਅਤੇ 90000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਨੇ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਹੈ।
ਇਸ ਤੋਂ ਇਲਾਵਾ ਮਾੜੇ ਅਨਸੋਰਾਂ ਵਿਰੁੱਧ ਛੇੜੀ ਮੁਹਿਮ ਤਹਿਤ ਕਾਰਵਾਈ ਕਰਦਿਆਂ ਫਿ਼ਰੋਜ਼ਪੁਰ ਪੁਲਿਸ ਨੇ 2 ਤਸਕਰਾਂ ਨੂੰ 10 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਫਿ਼ਰੋਜ਼ਪੁਰ ਦੇ ਨਾਰਕੋਟਿਕ ਸੈਲ ਨੇ ਕਾਰਵਾਈ ਕਰਦਿਆਂ ਜਿਥੇ ਅਫੀਮ ਦੀ ਤਸਕਰੀ ਕਰਦੇ 2 ਮੁਲਜ਼ਮਾਂ ਨੂੰ ਮੌਕੇ `ਤੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ, ਉਥੇ ਇਨ੍ਹਾਂ ਦੇ ਦੋ ਸਾਥੀ ਫਰਾਰ ਹੋਣ ਵਿਚ ਕਾਮਯਾਬ ਹੋ ਗਏ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਅਫੀਮ ਦੀ ਤਸਕਰੀ ਕਰਦੇ ਕਾਬੂ ਕੀਤੇ ਦੋ ਮੁਲਜ਼ਮਾਂ ਦੀ ਪੁਸ਼ਟੀ ਕਰਦਿਆਂ ਨਾਰਕੋਟਿਕ ਸੈਲ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਨ੍ਹਾਂ ਦੀ ਟੀਮ ਵੱਲੋਂ ਛਾਪੇਮਾਰੀ ਕਰਕੇ ਉਕਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਐਸ.ਐਸ.ਪੀ ਫਿਰੋਜ਼ਪੁਰ ਚਰਨਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਉਕਤ ਤਸਕਰ ਮੱਕੀ ਦੇ ਭਰੇ ਟਰੱਕ ਵਿਚ 10 ਕਿਲੋ ਅਫੀਮ ਲੁਕੋ ਕੇ ਲਿਆ ਰਹੇ ਸਨ, ਜਿਸ ਦੀ ਗੁਪਤ ਸੂਚਨਾ ਦੇ ਆਧਾਰ `ਤੇ ਤਲਾਸ਼਼ੀ ਲੈਂਦਿਆਂ ਅਫੀਮ ਬਰਾਮਦ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਗੁਹਾਟੀ ਸੂਬੇ ਵਿਚੋਂ ਅਫੀਮ ਲਿਆ ਕੇ ਇਥੇ ਗੈਰ ਕਾਨੂੰਨੀ ਢੰਗ ਨਾਲ ਵੇਚਣ ਦਾ ਧੰਦਾ ਕਰਦੇ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਦੇ ਸਾਥੀ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।