Bathinda News : ਬੀਤੀ ਰਾਤ ਆਏ ਤੇਜ਼ ਝੱਖੜ ਤੇ ਹਨੇਰੀ ਕਾਰਨ ਬਠਿੰਡਾ ਦੇ ਨੈਸ਼ਨਲ ਫਰਟੀਲਾਈਜ਼ਰ ਦੇ ਨਾਲ ਲੱਗਦੇ ਸੂਏ ਦਾ ਪਾਣੀ ਓਵਰ ਫਲੋ ਹੋਇਆ ਹੈ। ਜਿਸ ਕਾਰਨ ਬਠਿੰਡਾ- ਫਿਰੋਜ਼ਪੁਰ ਰੇਲ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਬਠਿੰਡਾ -ਫਿਰੋਜ਼ਪੁਰ ਰੇਲਵੇ ਟ੍ਰੈਕ 'ਤੇ ਵੀ ਪਾਣੀ ਭਰ ਗਿਆ ਹੈ ,ਜਿਸ ਕਾਰਨ ਫਿਰੋਜ਼ਪੁਰ ਤੋਂ ਬਠਿੰਡਾ ਆ ਰਹੀ ਰੇਲ ਗੱਡੀ ਨੂੰ ਰੋਕਿਆ ਗਿਆ ਹੈ। ਰੇਲ ਗੱਡੀ ਨੂੰ ਰੋਕਿਆ ਕਰੀਬ ਇਕ ਘੰਟਾ ਹੋ ਗਿਆ ਹੈ। ਫਿਲਹਾਲ ਮੌਕੇ 'ਤੇ ਪੁਲਿਸ ਪ੍ਰਸ਼ਾਸਨ  ਪਹੁੰਚ ਗਿਆ ਹੈ। ਨੇੜਲੇ ਖੇਤਾਂ ਅਤੇ ਘਰਾਂ ਵਿੱਚ ਪਾਣੀ ਭਰ ਗਿਆ ਹੈ ਅਤੇ ਲੋਕਾਂ ਵੱਲੋਂ ਆਪਣੇ ਪੱਧਰ 'ਤੇ ਪਾਣੀ ਦਾ ਵਹਾਅ ਰੁਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 


ਇਸ ਤੋਂ ਇਲਾਵਾ ਅਬੋਹਰ ਵਿੱਚ ਬੀਤੀ ਰਾਤ ਤੇਜ਼ ਹਨੇਰੀ ਕਾਰਨ ਇਲਾਕੇ ਦੀਆਂ ਕਈ ਨਹਿਰਾਂ ਵਿਚ ਪਾੜ ਪੈ ਗਿਆ, ਜਿਸ ਕਾਰਨ ਸੈਂਕੜੇ ਏਕੜ ਜ਼ਮੀਨ ਪਾਣੀ ਵਿਚ ਡੁੱਬ ਗਈ ਅਤੇ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਤੇਜ਼ ਹਨੇਰੀ ਕਾਰਨ ਕੰਧਵਾਲਾ ਕਿੱਕਰਖੇੜਾ ਮਾਈਨਰ ਵਿਚ ਕਰੀਬ 30 ਫੁੱਟ ਪਾੜ ਪੈ ਗਿਆ, ਜਿਸ ਕਾਰਨ ਕਿਸਾਨ ਮੰਗਤ ਰਾਮ ਦੀ 5 ਏਕੜ ਨਰਮੇ ਦੀ ਫ਼ਸਲ, ਰਮੇਸ਼ ਕੁਮਾਰ ਅਤੇ ਹੋਰ ਨੇੜਲੇ ਕਿਸਾਨਾਂ ਦੀ 15 ਏਕੜ ਨਰਮੇ ਦੀ ਫ਼ਸਲ ਪਾਣੀ ਵਿਚ ਡੁੱਬ ਗਈ। 

 


 

ਇਸੇ ਤਰ੍ਹਾਂ ਢਾਣੀ ਨਈਆਂ ਵਾਲੀ ਨੇੜੇ ਮਲੂਕਪੁਰਾ ਮਾਈਨਰ ਵਿਚ 25 ਫੁੱਟ ਪਾੜ ਪੈਣ ਕਾਰਨ ਉਥੇ ਰਹਿੰਦੇ ਇਕ ਕਿਸਾਨ ਦੀ ਢਾਣੀ ਵਿਚ ਪਾਣੀ ਦਾਖ਼ਲ ਹੋ ਗਿਆ, ਉਥੇ ਰੱਖੀ ਕਣਕ ਦੀ ਫ਼ਸਲ ਪਾਣੀ ਨਾਲ ਬਰਬਾਦ ਹੋ ਗਈ ਅਤੇ ਹੋਰ ਕਿਸਾਨਾਂ ਦੇ ਖ਼ੇਤਾਂ ਵਿਚ ਵੀ ਪਾਣੀ ਵੜ ਗਿਆ। ਇਸੇ ਤਰ੍ਹਾਂ ਪਿੰਡ ਗਿੱਦੜਾਵਾਲੀ, ਦੀਵਾਨਖੇੜਾ ਦੇ ਵਿਚਕਾਰ ਬੀਤੀ ਰਾਤ ਝੱਖੜ ਕਾਰਨ ਨਹਿਰ ਵਿਚ ਪਾੜ ਪੈਣ ਕਾਰਨ ਆਲੇ-ਦੁਆਲੇ ਦੇ ਖ਼ੇਤਾਂ ਵਿਚ ਪਾਣੀ ਭਰ ਜਾਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਡੁੱਬ ਗਈਆਂ।

 


 ਦੱਸ ਦੇਈਏ ਕਿ ਜਿਲ੍ਹਾ ਬਠਿੰਡਾ ਵਿਚ ਦੇਰ ਰਾਤ ਆਏ ਤੇਜ ਝੱਖੜ ਅਤੇ ਹਨੇਰੀ ਨੇ ਭਾਰੀ ਨੁਕਸਾਨ ਕੀਤਾ ਹੈ। ਝੱਖੜ ਅਤੇ ਤੇਜ਼ ਹਨੇਰੀ ਕਾਰਨ ਦਰਖਤ ਟੁੱਟ ਕੇ ਸੜਕਾਂ ਉਤੇ ਡਿੱਗ ਗਏ। ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਬਣਾਏ ਹੋਏ ਸ਼ੈੱਡ ਇਸ ਤੇਜ਼ ਹਨੇਰੀ ਵਿੱਚ ਉੱਡ ਗਏ। ਹਾਲਾਂਕਿ ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਸੀ ਪਰ ਇਸ ਝੱਖੜ ਕਾਰਨ ਬਿਜਲੀ ਸਪਲਾਈ ਜ਼ਿਆਦਾਤਕ ਇਲਾਕਿਆਂ ਵਿੱਚ ਠੱਪ ਹੋ ਗਈ।