ਬਠਿੰਡਾ: ਇੱਥੋਂ ਦੇ ਪਿੰਡ ਬੀੜ ਤਲਾਬ ਦੀ ਪੰਚਾਇਤ ਨੇ ਬਠਿੰਡਾ ਦੇ ਥਾਣਾ ਸਦਰ ਦੇ ਮੁਖੀ ਤੋਂ ਹੈਰਾਨੀਜਨਕ ਮੰਗ ਕੀਤੀ ਹੈ। ਪਿੰਡ ਦੇ ਲੋਕਾਂ ਨੇ ਨਸ਼ਾ ਤਸਕਰਾਂ ਤੇ ਪੁਲਿਸ ਦੀ ਕਥਿਤ ਮਿਲੀਭੁਗਤ ਤੋਂ ਤੰਗ ਆ ਕੇ ਮੁੱਖ ਅਫ਼ਸਰ ਨੂੰ ਚਿੱਠੀ ਲਿਖੀ ਹੈ ਤੇ ਨਸ਼ੇ ਦਾ ਕਾਰੋਬਾਰ ਚਲਾਉਣ ਲਈ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ।

ਚਿੱਠੀ ਵਿੱਚ ਸੱਤਾਧਾਰੀ ਸਿਆਸੀ ਲੀਡਰ, ਪੁਲਿਸ ਪ੍ਰਸ਼ਾਸਨ ਤੇ ਨਸ਼ਾ ਮਾਫੀਆ ਦੇ ਕਥਿਤ ਗੱਠਜੋੜ ਨੂੰ ਜੱਗ ਜ਼ਾਹਿਰ ਕਰਦਿਆਂ ਪੰਚਾਇਤ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਸਾਡੇ ਬੱਚੇ ਤੇ ਅਸੀਂ ਖ਼ੁਦ ਬੇਰੁਜ਼ਗਾਰ ਹਾਂ। ਚਿੱਠੀ ਮੁਤਾਬਕ ਬੀੜ ਬਸਤੀ ਦੋ ਤਿੰਨ ਵਿੱਚ ਚਿੱਟਾ, ਨਸ਼ੀਲੀਆਂ ਗੋਲੀਆਂ ਤੇ ਭੁੱਕੀ ਆਦਿ ਨਸ਼ੇ ਦਾ ਕਾਰੋਬਾਰ ਚਲਾਉਣ ਲਈ ਸਾਨੂੰ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂ ਲਿਖਿਆ ਹੈ ਕਿ ਜੋ ਸਾਡੇ ਬਸਤੀ ਵਿੱਚ ਨਸ਼ੇ ਦਾ ਕਾਰੋਬਾਰ ਕਰਦੇ ਹਨ, ਪੁਲਿਸ ਦੀ ਮਿਲੀਭੁਗਤ ਕਾਰਨ ਉਹ ਅੱਜ ਆਪਣੇ ਘਰ ਆਲੀਸ਼ਾਨ ਬਣਾਈ ਬੈਠੇ ਹਨ।

ਚਿੱਠੀ ਮੁਤਾਬਕ ਪਿੰਡ ਵਾਸੀਆਂ ਦੀ ਮੰਗ ਹੈ ਕਿ ਪੁਲਿਸ ਵੀ ਉਨ੍ਹਾਂ ਨੂੰ ਮਨਜ਼ੂਰੀ ਦੇਵੇ ਤਾਂ ਜੋ ਅਸੀਂ ਆਪਣੇ ਆਲੀਸ਼ਾਨ ਘਰ ਬਣਾ ਲਈਏ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਜਦ ਸਾਡੇ ਘਰ ਵੀ ਆਲੀਸ਼ਾਨ ਬਣ ਜਾਣਗੇ ਤਾਂ ਅਸੀਂ ਇਸ ਪੱਤਰ ਨੂੰ ਰੱਦ ਕਰ ਦੇਵਾਂਗੇ। ਇਸ ਚਿੱਠੀ ਨੂੰ ਬਠਿੰਡਾ ਦੇ ਐਸਐਸਪੀ ਨੂੰ ਵੀ ਭੇਜਿਆ ਗਿਆ ਹੈ।