Sukhpal Khaira: ਸਕੂਲਾਂ ਵਿੱਚ ਕੈਂਪਸ ਮੈਨੇਜਰਾਂ ਦੀ ਭਰਤੀ ਨੂੰ ਲੈ ਕੇ ਵਿਰੋਧੀ ਧਿਰਾਂ ਭਗਵੰਤ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ। ਹੁਣ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਰਿਟਾਇਰ ਵਿਅਕਤੀਆਂ ਨੂੰ ਕੈਂਪਸ ਮੈਨੇਜਰ ਰੱਖਣ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੈਨਸ਼ਨਾਂ ਲੈ ਰਹੇ ਲੋਕਾਂ ਨੂੰ ਮੁੜ ਨੌਕਰੀਆਂ ਦੇ ਕੇ ਸਰਕਾਰ ਬੇਰੁਜਗਾਰ ਨੌਜਵਾਨਾਂ ਨੂੰ ਧੱਕਾ ਕਰ ਰਹੀ ਹੈ।
ਸੁਖਪਾਲ ਖਹਿਰਾ ਨੇ ਆਪਣੇ ਫੇਸਬੁੱਕ ਪੇਜ ਉੱਪਰ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਇੱਕ ਹੋਰ ਧੱਕੇਸ਼ਾਹੀ - AAP ਸਰਕਾਰ ਪਹਿਲੇ ਫੇਜ ਵਿੱਚ ਸੂਬੇ ਦੇ 150 ਸਰਕਾਰੀ ਸਕੂਲਾਂ ਵਿੱਚ ਕੈਂਪਸ ਮੈਨੇਜਰਾਂ ਨੂੰ ਨੌਕਰੀ ਦੇਵੇਗੀ ਪਰ ਇਹ ਨੌਕਰੀਆਂ ਕੈਟਗਰੀ 3 ਤੋਂ JCO ਵਰਗੇ ਰਿਟਾਇਰ ਵਿਅਕਤੀਆਂ ਲਈ ਹਨ ਜੋ ਪਹਿਲਾਂ ਹੀ 26000 ਰੁਪਏ ਫੀ ਮਹੀਨਾ ਪੈਨਸ਼ਨ ਲੈ ਰਹੇ ਹਨ।
ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਇਸ ਤਰ੍ਹਾਂ ਇਹ ਪਹਿਲਾਂ ਹੀ ਭਾਰੀ ਪੈਨਸ਼ਨਾਂ ਲੈ ਰਹੇ ਰਿਟਾਇਰਡ ਵਿਅਕਤੀਆਂ ਨੂੰ ਹੋਰ ਪੈਸੇ ਦੇਣ ਵਾਲੀ ਗੱਲ ਹੋਵੇਗੀ! ਕੀ ਇਹ ਆਪਣੀ ਰੋਜੀ-ਰੋਟੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ਨਾਲ ਕੀਤਾ ਗਿਆ ਇਨਸਾਫ਼ ਹੈ?
ਦੱਸ ਦਈਏ ਕਿ ਪੰਜਾਬ ਦੇ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਤੇ ਅਧਿਆਪਕਾਂ, ਪ੍ਰਿੰਸੀਪਲਾਂ ਦੇ ਸਿਰ ਤੋਂ ਸਕੂਲ ਦਾ ਵਾਧੂ ਦਾ ਬੋਝ ਘਟਾਉਣ ਲਈ ਮਾਨ ਸਰਕਾਰ ਨੇ ਇੱਕ ਨਵੀਂ ਰਣਨੀਤੀ ਬਣਾਈ ਹੈ। ਇਸ ਦੇ ਲਈ ਸਕੂਲਾਂ ਦੇ ਸਾਰਾ ਪ੍ਰਬੰਧ ਕਰਨ ਲਈ ਕਾਲਸ ਸੀ ਕੈਟਾਗਰੀ 'ਚੋਂ ਰਿਟਾਇਰਡ ਹੋਏ ਮੁਲਾਜ਼ਮਾਂ ਨੂੰ ਭਰਤੀ ਕੀਤਾ ਜਾਵੇਗਾ।
ਕਲਾਸ ਸੀ ਕੈਟਾਗਰੀ 'ਚੋਂ ਰਿਟਾਇਰਡ ਹੋਏ ਮੁਲਾਜ਼ਮਾਂ ਕੇਂਦਰ ਸਰਕਾਰ, ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਦੇ ਹੋ ਸਕਦੇ ਹਨ। ਇਨ੍ਹਾਂ ਦੀ ਨਿਯੁਕਤੀ ਬਤੌਰ ਕੈਂਪਸ ਮੈਨੇਜਰ ਵਜੋਂ ਹੋਵੇਗੀ, ਜੋ ਸਕੂਲ ਦੇ ਸਾਰੇ ਪ੍ਰਬੰਧਕੀ ਤੇ ਰੱਖ-ਰਖਾਅ ਦੇ ਕੰਮਾਂ ਨੂੰ ਸੰਭਾਲਣਗੇ। ਕੈਂਪਸ ਮੈਨੇਜਰ ਨੂੰ ਸਰਕਾਰ ਵਧੀਆ ਤਨਖਾਹ ਵੀ ਦੇਵੇਗੀ।
ਇਸ ਲਈ ਯੋਗ ਉਮੀਦਵਾਰ www.exservicemencorp.punjab.gov.in 'ਤੇ 20 ਜੁਲਾਈ ਤੱਕ ਅਪਲਾਈ ਕਰ ਸਕਦੇ ਹੋ। ਪਹਿਲੇ ਪੜਾਅ ਵਿੱਚ ਨਿਯੁਕਤ ਕੀਤੇ ਜਾ ਰਹੇ ਕੈਂਪਸ ਮੈਨੇਜਰ ਨੂੰ ਸਕੂਲ ਖੁੱਲ੍ਹਣ ਤੋਂ ਅੱਧਾ ਘੰਟਾ ਪਹਿਲਾਂ ਸਕੂਲ ਵਿੱਚ ਪਹੁੰਚ ਕੇ ਸਫ਼ਾਈ ਤੇ ਹੋਰ ਕੰਮ ਦੇਖਣੇ ਹੋਣਗੇ। ਇਸ ਦੇ ਨਾਲ ਹੀ ਬੱਚੇ ਸਕੂਲ ਤੋਂ ਛੁੱਟੀ ਹੋਣ ਤੋਂ ਅੱਧੇ ਘੰਟੇ ਬਾਅਦ ਸਕੂਲ ਬੰਦ ਕਰਕੇ ਚਲੇ ਜਾਣਗੇ।