ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਅੰਦੋਲਨ ਕਰ ਰਹੇ ਹਨ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਗੱਲਬਾਤ ਦੀ ਪੇਸ਼ਕਸ਼ ਵੀ ਕਿਸਾਨਾਂ ਅੱਗੇ ਰੱਖੀ ਗਈ ਜੋ ਉਨ੍ਹਾਂ ਫਿਲਹਾਲ ਠੁਕਰਾ ਦਿੱਤੀ ਹੈ। ਅਜਿਹੇ 'ਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿਸਾਨ ਸੜਕਾਂ 'ਤੇ ਅੰਦੋਲਨ ਕਰ ਰਹੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਆਪਣੇ ‘ਮਨ ਕੀ ਬਾਤ’ ਵਿਚ ਕਾਲੇ ਕਾਨੂੰਨਾਂ ਦਾ ਗੁਣਗਾਨ ਕਰ ਰਹੇ ਹਨ। ਇਸ ਤੋਂ ਸਾਫ ਹੈ ਕਿ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ।
ਮਾਨ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸ਼ਨੀਵਾਰ ਸ਼ਰਤਾਂ ਤਹਿਤ ਦਿੱਤੇ ਸੱਦੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਗ੍ਰਹਿ ਮੰਤਰੀ ਕਿਸਾਨਾਂ ਨੂੰ ਕਹਿ ਰਹੇ ਹਨ ਪਹਿਲਾਂ ਸਾਡੇ ਪਿੰਜਰੇ ਵਿਚ ਆਓ ਫਿਰ ਗੱਲ ਕਰਾਂਗੇ। ਕੇਂਦਰੀ ਗ੍ਰਹਿ ਮੰਤਰੀ ਨੇ ਕਿਸਾਨਾਂ ਨੂੰ ਕਿਹਾ ਬੁਰਾੜੀ ਜਾ ਕੇ ਪ੍ਰਦਰਸ਼ਨ ਕਰਨ ਫਿਰ ਗੱਲ ਕੀਤੀ ਜਾਵੇਗੀ, ਇਹ ਸ਼ਰਤ ਕਿਉਂ ਲਗਾਈ ਗਈ?
ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਜਿੱਥੇ ਬੈਠਣਾ ਚਾਹੁੰਦਾ ਹੈ, ਉਸ ਨੂੰ ਉਥੇ ਬੈਠਣ ਦਿੱਤਾ ਜਾਵੇ ਅਤੇ ਉਨਾਂ ਨਾਲ ਬਿਨਾਂ ਕਿਸੇ ਸ਼ਰਤ ਗੱਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਹਰਿਆਣਾ ਪੁਲਿਸ ਦਾ ਅੱਤਿਆਚਾਰ ਸਹਿੰਦੇ ਹੋਏ, ਬੇਰੀਗੇਟ ਤੋੜ, ਸਰਕਾਰ ਦੀਆਂ ਪੁੱਟੀਆਂ ਗਈਆਂ ਸੜਕਾਂ ਭਰਦੇ ਹੋਏ, ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸਾਂ ਝੱਲਦੇ ਹੋਏ ਦਿੱਲੀ ਪਹੁੰਚੇ ਹਨ।
ਕਿਸਾਨ ਅੰਦੋਲਨ ਖਤਮ ਕਰਨ ਲਈ ਕੈਪਟਨ ਨੇ ਮਿਲਾਇਆ ਬੀਜੇਪੀ ਨਾਲ ਹੱਥ! 'ਆਪ' ਦਾ ਦਾਅਵਾ
ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਕਿਸਾਨ ਦੀ ਗੱਲ ਸੁਣਨ ਦੀ ਬਜਾਏ ਹੈਦਰਾਬਾਦ ਦੀਆਂ ਐਮਸੀ ਚੋਣਾਂ ਵਿਚ ਰੁੱਝੇ ਹੋਏ ਹਨ, ਇਸ ਤੋਂ ਜ਼ਿਆਦਾ ਗੈਰਜ਼ਿੰਮੇਵਾਰ ਕੌਣ ਹੋ ਸਕਦਾ ਹੈ? ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਦੇਸ਼ ਲਈ ਅੰਨ ਪੈਦਾ ਕਰਨ ਵਾਲੇ ਕਿਸਾਨ ਨੂੰ ਸੱਤਾ ਦੇ ਹੰਕਾਰ ਵਿਚ ਬੀਜੇਪੀ ਦੇ ਮੰਤਰੀ ਗੁੰਡਾ ਜਾਂ ਹੁੱਲੜਬਾਜ ਕਹਿ ਰਹੇ ਹਨ।
ਕੈਨੇਡਾ ਤੇ ਯੂਕੇ ਤਕ ਕਿਸਾਨ ਅੰਦੋਲਨ ਦੀ ਗੂੰਜ, ਪਰਵਾਸੀ ਸਿਆਸਤਦਾਨਾਂ ਨੇ ਭਾਰਤ ਸਰਕਾਰ ਨੂੰ ਪਾਈਆਂ ਲਾਹਨਤਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ