ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਵਿੱਡੇ ਕਿਸਾਨ ਅੰਦੋਲਨ ਦੀ ਗੂੰਜ ਵਿਦੇਸ਼ਾਂ ਤਕ ਪਈ ਹੈ। ਇਸ ਲਈ ਹੁਣ ਵਿਦੇਸ਼ਾਂ 'ਚ ਵੱਸੇ ਪੰਜਾਬੀਆਂ ਨੇ ਵੀ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ। ਪਰਵਾਸੀ ਭਾਰਤੀ ਸਿਆਸਤਦਾਨਾਂ ਨੇ ਦਿੱਲੀ ਵੱਲ ਵਧੇ ਕਿਸਾਨਾਂ 'ਤੇ ਢਾਏ ਤਸ਼ੱਦਦ ਦੀ ਨਿਖੇਧੀ ਕੀਤੀ ਹੈ।


ਪਰਵਾਸੀ ਲੀਡਰਾਂ ਨੇ ਕਿਸਾਨਾਂ 'ਤੇ ਹਰਿਆਣਾ ਤੇ ਦਿੱਲੀ ਪੁਲਿਸ ਵੱਲੋਂ ਲਾਈਆਂ ਗਈਆਂ ਰੋਕਾਂ, ਅੱਥਰੂ ਗੈਸ ਦਾ ਇਸਤੇਮਾਲ ਤੇ ਪਾਣੀ ਦੀਆਂ ਬੋਛਾੜਾ ਵਰ੍ਹਾਏ ਜਾਣ ਦੀ ਨਿਖੇਧੀ ਕੀਤੀ ਹੈ।


ਐਨਡੀਪੀ ਦੇ ਵਿਧਾਇਕ ਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਸੰਸਦ ਸਕੱਤਰ ਰਚਨਾ ਸਿੰਘ ਨੇ ਕਿਸਾਨ ਪ੍ਰਦਰਸ਼ਨ ਦੀ ਵੀਡੀਓ ਰੀਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਦੇ ਕਿਸਾਨਾਂ ਨਾਲ ਹੋ ਰਹੇ ਵਤੀਰੇ ਤੋਂ ਮੈਂ ਸੱਚਮੁੱਚ ਬਹੁਤ ਉਦਾਸ ਹਾਂ। ਇਹ ਸਹਿਣਯੋਗ ਨਹੀਂ ਹੈ।





ਕੈਨੇਡਾ 'ਚ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਲਿਖਿਆ, 'ਪੰਜਾਬ ਦੇ ਕਿਸਾਨਾਂ ਨਾਲ ਕੀਤਾ ਸਲੂਕ ਬਹੁਤ ਦੁਖਦਾਈ ਹੈ। ਕਿਸਾਨ ਪੰਜਾਬ ਦੀ ਤਾਕਤ ਤੇ ਰੀੜ ਦੀ ਹੱਡੀ ਹਨ ਤੇ ਉਨ੍ਹਾਂ ਨਾਲ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ।' ਉਨ੍ਹਾਂ ਕਿਹਾ ਕਿ ਮੈਂ ਮਜਬੂਤੀ ਨਾਲ ਕਿਸਾਨਾਂ ਦੇ ਨਾਲ ਖੜਾ ਹਾਂ।





ਇਕ ਹੋਰ ਕੈਨੇਡੀਅਨ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਕਿਹਾ, 'ਕਿਸੇ ਵੀ ਲੋਕਤੰਤਰ 'ਚ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਹਰ ਇਕ ਨੂੰ ਹੈ। ਮੈਂ ਭਾਰਤ 'ਚ ਕਿਸਾਨਾਂ ਨਾਲ ਕੀਤੇ ਸਲੂਕ ਤੋਂ ਬਹੁਤ ਪਰੇਸ਼ਾਨ ਹਾਂ। ਭਾਰਤੀ ਅਥਾਰਿਟੀਜ਼ ਵੱਲੋਂ ਕਿਸਾਨਾਂ 'ਤੇ ਕੀਤਾ ਤਸ਼ੱਦਦ ਕਿਸੇ ਵੀ ਤਰ੍ਹਾਂ ਸਹਿਣਯੋਗ ਨਹੀਂ ਹੈ। ਮੈਂ ਕਿਸਾਨਾਂ ਦਾ ਸਮਰਥਨ ਕਰਦਾ ਹਾਂ।'





ਕੈਨੇਡਾ ਦੇ ਐਮਪੀ ਮਨਿੰਦਰ ਸਿੰਘ ਸਿੱਧੂ ਨੇ ਲਿਖਿਆ, 'ਅਸੀਂ ਭਾਰਤ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸੁਰੱਖਿਆ ਸਬੰਧੀ ਫਿਕਰਮੰਦ ਹਾਂ। ਸ਼ਾਂਤਮਈ ਪ੍ਰਦਰਸ਼ਨ ਕਰਨਾ ਸੰਵਿਧਾਨਕ ਅਧਿਕਾਰ ਹੈ। ਭਾਰਤ ਦੇ ਕਿਸਾਨਾਂ ਨੂੰ ਬਿਨਾਂ ਡਰ ਦੇ ਆਪਣੀ ਗੱਲ ਰੱਖਣ ਦਦੇਣੀ ਚਾਹੀਦੀ ਹੈ।'





ਇਕ ਹੋਰ ਕੈਨੇਡੀਅਨ ਸੰਸਦ ਮੈਂਬਰ ਟਿਮ ਉੱਪਲ ਨੇ ਕਿਸਾਨਾਂ 'ਤੇ ਹੋਏ ਤਸ਼ੱਦਦ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਕਿਹਾ, 'ਭਾਰਤੀ ਕਿਸਾਨ ਸਤਿਕਾਰ ਤੇ ਆਪਣੀ ਗੱਲ ਰੱਖਣ ਦੇ ਹੱਕਦਾਰ ਹਨ। ਜੋ ਹੋਇਆ ਇਹ ਭਿਆਨਕ ਹੈ।'





ਬਰੈਂਪਟਨ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਕਿਹਾ, 'ਕਿਸਾਨਾਂ ਦਾ ਦ੍ਰਿੜ ਇਰਾਦਾ ਸ਼ਲਾਘਾਯੋਗ ਹੈ। ਇਕ ਆਜ਼ਾਦ ਸਮਾਜ ਵਿਚ ਕਿਸੇ ਨੂੰ ਵੀ ਆਪਣੇ ਖਿਲਾਫ ਹੋ ਰਹੀ ਵਧੀਕੀ ਦੀ ਆਵਾਜ਼ ਚੁੱਕਣ ਦਾ ਹੱਕ ਹੋਣਾ ਚਾਹੀਦਾ ਹੈ। ਭਾਰਤੀ ਕਿਸਾਨਾਂ ਨਾਲ ਜੋ ਹੋਇਆ ਉਹ ਦੁਖਦਾਈ ਹੈ।'





ਕੈਨੇਡਾ ਦੇ ਸੰਸਦ ਮੈਂਬਰ ਜੈਕ ਹੈਰਿਸ ਨੇ ਲਿਖਿਆ, 'ਅਸੀਂ ਭਾਰਤ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਤਸ਼ੱਦਦ ਤੋਂ ਹੈਰਾਨ ਹਾਂ। ਵਾਟਰ ਕੈਨਨ ਤੇ ਅੱਥਰੂ ਗੈਸ ਦਾ ਇਸਤੇਮਾਲ ਕਰਨ ਦੀ ਬਜਾਇ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ।'





ਐਨਡੀਪੀ ਲੀਡਰ ਜਗਮੀਤ ਸਿੰਘ ਨੇ ਭਾਰਤ ਸਰਕਾਰ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਕੀਤੇ ਸਲੂਕ ਨੂੰ ਭਿਆਨਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ 'ਮੈਂ ਪੰਜਾਬ ਤੇ ਭਾਰਤ ਦੇ ਕਿਸਾਨਾਂ ਨਾਲ ਇਕਜੁੱਟਤਾ ਨਾਲ ਖੜਾ ਹਾਂ ਤੇ ਹਿੰਦੁਸਤਾਨੀ ਸਰਕਾਰ ਨੂੰ ਹਿੰਸਾ ਦੀ ਬਜਾਇ ਸ਼ਾਂਤਮਈ ਗੱਲਬਾਤ ਕਰਨ ਦਾ ਸੱਦਾ ਦਿੰਦਾ ਹਾਂ।'


ਯੂਕੇ ਤੋਂ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਵੀ ਟਵਿਟਰ 'ਤੇ ਕਿਸਾਨ ਪ੍ਰਦਰਸ਼ਨ ਦੀ ਵੀਡੀਓ ਸਾਂਝੀ ਕਰਦਿਆ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਸਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਕੀਤਾ ਸਲੂਕ ਨਾਗਰਿਕਾਂ ਨਾਲ ਕੀਤਾ ਜਾਣ ਵਾਲਾ ਵਤੀਰਾ ਨਹੀਂ ਹੈ।





ਕਿਸਾਨਾਂ ਦੇ ਸਮਰਥਨ 'ਚ ਦਿੱਲੀ ਪਹੁੰਚੇ ਬੱਬੂ ਮਾਨ, ਕਿਹਾ ਸਾਲ ਤਕ ਨਹੀਂ ਹਟੇਗਾ ਧਰਨਾ, ਨੌਜਵਾਨਾਂ ਨੂੰ ਦਿੱਤੀ ਇਹ ਨਸੀਹਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ