ਚੰਡੀਗੜ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਵੱਲੋਂ ਘਰ- ਘਰ ਰਾਸ਼ਨ ਪਹੁੰਚਾਉਣ ਲਈ 'ਡੋਰ ਸਟੈਪ ਡਲਿਵਰੀ ਆਫ਼ ਰਾਸ਼ਨ ਸਕੀਮ' ਲਾਗੂ ਕਰਨ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਜ਼ੋਰਦਾਰ ਸਵਾਗਤ ਕੀਤਾ ਹੈ। ਨਵੀਂ ਸਰਕਾਰ ਦੀ ਇਸ ਲੋਕ ਹਿਤੈਸ਼ੀ ਸਕੀਮ ਬਾਰੇ 'ਆਪ' ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦਾਅਵਾ ਕੀਤਾ ਕਿ ਜਿਨਾਂ ਉਮੀਦਾਂ ਨਾਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ, ਉਨਾਂ ਉਮੀਦਾਂ ਨੂੰ ਪੂਰਾ ਕਰਨ ਦੇ ਰਾਹਾਂ 'ਤੇ ਹੀ ਪੰਜਾਬ ਸਰਕਾਰ ਚੱਲੇਗੀ।




ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਵੀਡੀਓ ਸੁਨੇਹੇ ਰਾਹੀਂ ਪਾਰਟੀ ਆਗੂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਘਰ -ਘਰ ਰਾਸ਼ਣ ਪਹੁੰਚਾਉਣ ਦਾ ਫ਼ੈਸਲਾ ਕਰਕੇ ਆਮ ਲੋਕਾਂ ਦੀ ਸਰਕਾਰ ਹੋਣ ਦਾ ਸਬੂਤ ਪੇਸ਼ ਕੀਤਾ ਹੈ, ਕਿਉਂਕਿ ਦਿਹਾੜੀਦਾਰ ਵਿਅਕਤੀਆਂ ਅਤੇ ਬਿਰਧ ਵਿਅਕਤੀਆਂ ਨੂੰ ਰਾਸ਼ਣ ਲੈਣ ਲਈ ਡੀਪੂਆਂ 'ਤੇ ਜਾ ਕੇ ਘੰਟਿਆਂ ਬੱਧੀ ਇੰਤਜਾਰ ਕਰਨਾ ਪੈਦਾ ਸੀ। ਇਸ ਤੋਂ ਇਲਾਵਾ ਕਈ ਵਾਰ ਅਨਾਜ ਵੀ ਖਾਣਯੋਗ ਪੱਧਰ ਦਾ ਨਹੀਂ ਮਿਲਦਾ ਸੀ।


ਮਾਲਵਿੰਦਰ ਸਿੰਘ ਕੰਗ ਨੇ ਪਿਛਲੀਆਂ ਸਰਕਾਰਾਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ- ਭਾਜਪਾ ਸਰਕਾਰਾਂ ਦੇ ਰਾਜਕਾਲ ਵਿੱਚ ਗਰੀਬਾਂ ਨੂੰ ਮਿਲਦੇ ਸਸਤੇ ਅਨਾਜ 'ਤੇ ਅਮੀਰਾਂ ਵੱਲੋਂ ਡਾਕੇ ਮਾਰੇ ਜਾਂਦੇ ਰਹੇ ਸਨ ਅਤੇ ਇਨਾਂ ਸਰਕਾਰਾਂ ਦੇ ਮੰਤਰੀਆਂ ਨੇ ਗਰੀਬਾਂ ਨੂੰ ਮਿਲਦੇ ਰਾਸ਼ਣ 'ਚ ਵੀ ਘੋਟਾਲੇ ਕੀਤੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਣ ਲਈ 'ਡੋਰ ਸਟੈਪ ਡਲਿਵਰੀ ਆਫ਼ ਰਾਸ਼ਨ ਸਕੀਮ' ਲਾਗੂ ਹੋਣ ਨਾਲ ਘੋਟਾਲੇ ਖ਼ਤਮ ਹੋਣਗੇ ਅਤੇ ਲੋਕਾਂ ਨੂੰ ਖਾਣਯੋਗ ਰਾਸ਼ਣ ਵੀ ਮਿਲੇਗਾ।


ਕੰਗ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘਰ- ਘਰ ਰਾਸ਼ਣ ਪਹੁੰਚਣ ਦੀ ਨੀਤੀ ਲਾਗੂ ਕਰਕੇ ਇੱਕ ਸ਼ਾਨਦਾਰ ਉਦਾਹਰਣ ਪੇਸ਼ ਕੀਤੀ ਹੈ ਅਤੇ ਲੋਕ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਭਵਿੱਖ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਲਈ ਇਮਾਨਦਾਰੀ ਅਤੇ ਸੁਚੱਜੇ ਢੰਗ ਨਾਲ ਕੰਮ ਕਰਦੀ ਰਹੇਗੀ।