Farmers Protest: ਕੇਂਦਰ ਸਰਕਾਰ ਖਿਲਾਫ ਡਟੇ ਕਿਸਾਨਾਂ ਨੇ ਅੱਜ ਵੱਡਾ ਐਕਸ਼ਨ ਕੀਤਾ ਹੈ। ਪੰਜਾਬ-ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ 'ਤੇ 27 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਪੰਜਾਬ ਤੇ ਹਰਿਆਣਾ 'ਚ ਰੇਲਾਂ ਰੋਕ ਦਿੱਤੀਆਂ ਹਨ। ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ 52 ਥਾਵਾਂ ’ਤੇ ਕਿਸਾਨ ਪਟੜੀਆਂ ’ਤੇ ਬੈਠ ਗਏ ਹਨ। ਜਦਕਿ ਹਰਿਆਣਾ 'ਚ ਸਿਰਸਾ ਸਮੇਤ 3 ਥਾਵਾਂ 'ਤੇ ਰੇਲਵੇ ਟ੍ਰੈਕ ਜਾਮ ਕੀਤੇ ਗਏ ਹਨ। ਇਹ ਪ੍ਰਦਰਸ਼ਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ।



ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਉੱਤਰੀ ਭਾਰਤ ਦੇ 30 ਜ਼ਿਲ੍ਹਿਆਂ ਵਿੱਚ ਰੇਲ ਗੱਡੀਆਂ ਰੋਕਣ ਦਾ ਸੱਦਾ ਦਿੱਤਾ ਸੀ। ਉਧਰ, ਰੇਲਵੇ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਅੰਬਾਲਾ ਡਿਵੀਜ਼ਨ ਵਿੱਚ ਟ੍ਰੈਕ ਜਾਮ ਕਰਨ ਲਈ 21 ਥਾਵਾਂ ਦੀ ਚੋਣ ਕੀਤੀ ਹੈ ਜਿਸ ਕਾਰਨ ਕਰੀਬ 100 ਟ੍ਰੇਨਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਆਰਪੀਐਫ ਨੇ ਰੇਲ ਰੋਕੋ ਅੰਦੋਲਨ ਵਿੱਚ ਹਿੱਸਾ ਲੈਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਤੋਂ ਪਹਿਲਾਂ ਪੁਲਿਸ ਨੇ ਵੀ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਸੀ।


ਅੰਬਾਲਾ ਪੁਲਿਸ ਨੇ ਅੰਦੋਲਨ ਸਬੰਧੀ ਦਰਜ ਕੇਸ ਵਿੱਚ ਕਈ ਕਿਸਾਨ ਆਗੂਆਂ ਦੇ ਘਰਾਂ ’ਤੇ ਛਾਪੇਮਾਰੀ ਕਰਕੇ ਪੁੱਛਗਿੱਛ ਲਈ ਬੁਲਾਇਆ ਹੈ। ਹਾਜ਼ਰ ਨਾ ਹੋਣ 'ਤੇ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ। ਹਾਲਾਂਕਿ ਅੰਬਾਲਾ 'ਚ ਰੇਲ ਰੋਕਣ ਲਈ ਕਿਸਾਨ ਨਹੀਂ ਆਏ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ (SKM) ਨੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮਹਾਪੰਚਾਇਤ ਬੁਲਾਈ ਹੈ। ਇਸ ਦਾ ਨਾਂ ਕਿਸਾਨ-ਮਜ਼ਦੂਰ ਮਹਾਪੰਚਾਇਤ ਰੱਖਿਆ ਗਿਆ ਹੈ।



ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਰੇਲ ਰੋਕੋ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰੇਲ ਗੱਡੀਆਂ ਨੂੰ ਰੇਲਵੇ ਸਟੇਸ਼ਨ ਤੇ ਫਾਟਕ 'ਤੇ ਹੀ ਰੋਕੋ ਕਿਉਂਕਿ ਜੇਕਰ ਟ੍ਰੈਕ ਦੇ ਵਿਚਕਾਰ ਬੈਠੋਗੇ ਤਾਂ ਨੁਕਸਾਨ ਹੋ ਸਕਦਾ ਹੈ। ਇਹ ਪ੍ਰਤੀਕਾਤਮਕ ਅੰਦੋਲਨ ਹੋਵੇਗਾ। ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਗੱਡੀਆਂ ਰੋਕਣਗੇ।


ਕਿਸਾਨ ਲੀਡਰ ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਕਹਿ ਰਹੀ ਹੈ ਕਿ ਇਹ ਅੰਦੋਲਨ ਪੰਜਾਬ ਦਾ ਹੈ। ਸਰਕਾਰ ਨੂੰ ਹੁਣ ਪਤਾ ਲੱਗੇਗਾ ਕਿ ਇਹ ਅੰਦੋਲਨ ਕਿਸ ਦਾ ਹੈ। ਪੰਧੇਰ ਨੇ ਮਾਵਾਂ-ਭੈਣਾਂ ਨੂੰ ਵੀ ਰੇਲ ਰੋਕੋ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।