Punjab News: ਪੰਜਾਬ ਪੁਲਿਸ ਨੇ ਬਠਿੰਡਾ ਰੇਂਜ ਵਿੱਚ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆਂ ਖ਼ਿਲਾਫ਼ ਇੱਕ ਵਿਸ਼ੇਸ਼ ਘੇਰਾਬੰਦੀ ਅਤੇ ਸਰਚ ਅਭਿਆਨ ਚਲਾਇਆ ਹੈ। ਅਧਿਕਾਰਤ ਬਿਆਨ ਮੁਤਾਬਕ, ਇਹ ਆਪਰੇਸ਼ਨ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਕੀਤਾ ਗਿਆ। ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਰੇਂਜ ਦੇ ਦੋਵੇਂ ਜ਼ਿਲ੍ਹਿਆਂ ਬਠਿੰਡਾ ਅਤੇ ਮਾਨਸਾ ਵਿੱਚ ਇਹ ਮੁਹਿੰਮ ਸੋਮਵਾਰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਇੱਕੋ ਸਮੇਂ ਚਲਾਈ ਗਈ। ਪੁਲਿਸ ਦੇ ਸੀਨੀਅਰ ਸੁਪਰਡੈਂਟਾਂ ਨੂੰ ਪੁਲਿਸ ਕਰਮਚਾਰੀਆਂ ਦੀ ਭਾਰੀ ਤੈਨਾਤੀ ਦੇ ਵਿਚਕਾਰ ਆਪ੍ਰੇਸ਼ਨ ਦੀ ਸਾਵਧਾਨੀ ਨਾਲ ਯੋਜਨਾ ਬਣਾਉਣ ਲਈ ਕਿਹਾ ਗਿਆ ਸੀ।


41 ਸਮਾਜ ਵਿਰੋਧੀ ਅਨਸਰ ਗ੍ਰਿਫਤਾਰ


ਦੱਸ ਦੇਈਏ ਕਿ ਇਸ ਮੁਹਿੰਮ ਦੀ ਸ਼ੁਰੂਆਤ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਬਠਿੰਡਾ ਰੇਂਜ) ਐੱਸ.ਪੀ.ਐੱਸ. ਪਰਮਾਰ ਦੀ ਨਿਗਰਾਨੀ ਹੇਠ ਹੋਈ। ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਵਿਵਸਥਾ) ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ 33 ਐਫਆਈਆਰ ਦਰਜ ਕਰਕੇ 41 ਸਮਾਜ ਵਿਰੋਧੀ ਅਨਸਰਾਂ ਨੂੰ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ 3.5 ਲੱਖ ਰੁਪਏ ਦੀ ਨਕਦੀ, 197.13 ਗ੍ਰਾਮ ਹੈਰੋਇਨ, 14 ਕਿਲੋ ਭੁੱਕੀ, 225 ਲੀਟਰ ਨਾਜਾਇਜ਼ ਸ਼ਰਾਬ ਅਤੇ ਅੱਠ ਮੋਬਾਈਲ ਫ਼ੋਨ ਬਰਾਮਦ ਕੀਤੇ। ਸ਼ੁਕਲਾ ਨੇ ਕਿਹਾ, 'ਇਸ ਮੁਹਿੰਮ ਦਾ ਉਦੇਸ਼ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਅਤੇ ਸਮਾਜ ਵਿਰੋਧੀ ਅਨਸਰਾਂ ਵਿਚ ਡਰ ਪੈਦਾ ਕਰਨ ਲਈ ਇਲਾਕੇ ਵਿੱਚ ਪੁਲਿਸ ਫੋਰਸ ਦੀ ਮੌਜੂਦਗੀ ਨੂੰ ਵਧਾਉਣਾ ਸੀ। ਅਜਿਹੀਆਂ ਮੁਹਿੰਮਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।


ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਵਧਾਉਣ ਲਈ ਮੁਹਿੰਮ ਚਲਾਈ ਗਈ ਹੈ


ਕਾਨੂੰਨ ਵਿਵਸਥਾ ਦੇ ਵਿਸ਼ੇਸ਼ ਡੀਜੀਪੀ ਦਾ ਕਹਿਣਾ ਹੈ ਕਿ ਇਸ ਅਪਰੇਸ਼ਨ ਦਾ ਮਕਸਦ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਅਤੇ ਸਮਾਜ ਵਿਰੋਧੀ ਅਨਸਰਾਂ ਵਿੱਚ ਡਰ ਪੈਦਾ ਕਰਨਾ ਹੈ। ਤਾਂ ਜੋ ਉਨ੍ਹਾਂ ਨੂੰ ਫੀਲਡ ਵਿੱਚ ਪੁਲਿਸ ਫੋਰਸ ਦੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਜਾ ਸਕੇ। ਇਸ ਮੁਹਿੰਮ ਤਹਿਤ ਬਠਿੰਡਾ ਪੁਲੀਸ ਨੇ 15 ਐਫਆਈਆਰ ਦਰਜ ਕਰਕੇ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਮਾਨਸਾ ਪੁਲਿਸ ਨੇ 18 ਐਫਆਈਆਰ ਦਰਜ ਕਰਕੇ 21 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ, ਸਮੇਂ-ਸਮੇਂ 'ਤੇ ਅਪਰਾਧੀਆਂ ਖਿਲਾਫ ਅਜਿਹੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।