ਚੰਡੀਗੜ੍ਹ : ਪੰਜਾਬ ਵਿੱਚ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਦੀ ਬਿਮਾਰੀ ਗੰਭੀਰ ਰੂਪ ਲੈ ਰਹੀ ਹੈ। ਇਸ ਨੂੰ ਵੇਖਦਿਆਂ ਪੰਜਾਬ ਸਰਕਾਰ ਵੀ ਚੌਕਸ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਨੇ ਪਸ਼ੂਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਿਫ਼ਾਰਸ਼ ਕੀਤੀ ਗਈ ਬਿਹਤਰ ਦਵਾਈ ਵਰਤੀ ਜਾਵੇਗੀ ਤੇ ਜੇਕਰ ਲੋੜ ਪਈ ਤਾਂ ਹਵਾਈ ਜਹਾਜ਼ ਰਾਹੀਂ ਹੋਰ ਦਵਾਈ ਮੰਗਵਾਈ ਜਾਵੇਗੀ।
ਇਸ ਦੇ ਨਾਲ ਹੀ ਬਿਮਾਰੀ ਕਾਰਨ ਪੈਦਾ ਹੋਏ ਹਾਲਾਤ ਦੀ ਰੋਜ਼ਾਨਾ ਪ੍ਰਭਾਵੀ ਢੰਗ ਨਾਲ ਨਿਗਰਾਨੀ ਲਈ ਤਿੰਨ ਕੈਬਨਿਟ ਵਜ਼ੀਰਾਂ ’ਤੇ ਆਧਾਰਤ ਮੰਤਰੀ ਸਮੂਹ ਦਾ ਗਠਨ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ’ਤੇ ਆਧਾਰਤ ਕਮੇਟੀ ਨੂੰ ਪਸ਼ੂ ਪਾਲਨ ਵਿਭਾਗ ਦੇ ਸੀਨੀਅਰ ਅਧਿਕਾਰੀ ਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਮਾਹਿਰ ਤੇ ਅਧਿਕਾਰੀ ਸਹਿਯੋਗ ਕਰਨਗੇ। ਮੰਤਰੀਆਂ ਦਾ ਸਮੂਹ ਰੋਜ਼ਾਨਾ ਸਥਿਤੀ ਦਾ ਜਾਇਜ਼ਾ ਲੈ ਕੇ ਇਸ ਬਿਮਾਰੀ ਦੀ ਰੋਕਥਾਮ ਲਈ ਲੋੜੀਂਦੀ ਕਾਰਵਾਈ ਕਰੇਗਾ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ ਪਸ਼ੂਆਂ ਦਾ ਦਾਖ਼ਲਾ ਰੋਕਣ ਲਈ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਤੇ ਤਰਨ ਤਾਰਨ ਜ਼ਿਲ੍ਹੇ ਇਸ ਬਿਮਾਰੀ ਨਾਲ ਹੁਣ ਤੱਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਪਸ਼ੂਆਂ ਦੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਤੇ ਕਿਸੇ ਵੀ ਬਿਮਾਰੀ ਦੇ ਲੱਛਣ ਵਾਲੇ ਪਸ਼ੂਆਂ ਨੂੰ ਵੱਖ ਕਰਨ ਲਈ ਕਿਹਾ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤੱਕ ਇਸ ਬਿਮਾਰੀ ’ਤੇ ਕਾਬੂ ਨਹੀਂ ਪਾਇਆ ਜਾਂਦਾ, ਸੂਬੇ ਵਿੱਚ ਕੋਈ ਵੀ ਪਸ਼ੂ ਮੇਲਾ ਕਰਵਾਉਣ ਉੱਤੇ ਮੁਕੰਮਲ ਪਾਬੰਦੀ ਰਹੇਗੀ।
ਇਹ ਵੀ ਪੜ੍ਹੋ
ਖੁਸ਼ਖਬਰੀ! ਅੱਜ ਸਾਰਾ ਦਿਨ ਏਸੀ ਤੇ ਨਾਨ-ਏਸੀ ਬੱਸਾਂ 'ਚ ਕਰੋ ਮੁਫਤ ਸਵਾਰੀ
ਪੰਜਾਬ 'ਚ ਅਧਿਆਪਕਾਂ ਨੂੰ ਤਿਰੰਗਾ ਖਰੀਦਣ ਤੇ ਵੇਚਣ ਦੇ ਹੁਕਮ, ਝੰਡੇ ਦੀ ਕੀਮਤ 25 ਰੁਪਏ ਤੈਅ
ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਮੁੱਦਿਆਂ ਵੱਲ ਵਾਪਸੀ, ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਤੋਂ ਨਵੀਂ ਸ਼ੁਰੂਆਤ
ਬਾਗੀ ਅਕਾਲੀ ਲੀਡਰਾਂ ਖ਼ਿਲਾਫ਼ ਹੋਏਗੀ ਸਖ਼ਤ ਕਾਰਵਾਈ! ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਨਾਲ ਸੁਖਬੀਰ ਨੂੰ ਸੁੱਖ ਦਾ ਸਾਹ