ਚੰਡੀਗੜ੍ਹ : ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮਾਨ ਸਰਕਾਰ ਨੇ ਆਪਣੀ ਕੈਬਨਿਟ ਵਿੱਚ ਤੀਸਰਾ ਫੇਰਬਦਲ 31 ਮਈ ਨੂੰ ਕੀਤਾ ਸੀ। ਜਿਸ ਦੇ ਤਹਿਤ ਖੇਤੀਬਾੜੀ ਮੰਤਰਾਲਾ ਕੁਲਦੀਪ ਸਿੰਘ ਧਾਲੀਵਾਲ ਤੋਂ ਲੈ ਕੇ ਗੁਰਮੀਤ ਸਿੰਘ ਖੁੱਡੀਆਂ ਨੂੰ ਦੇ ਦਿੱਤਾ ਸੀ। ਮੰਤਰਾਲੇ ਦੀ ਵੰਡ ਨੂੰ ਅੱਜ 15 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਕੈਬਨਿਟ ਨੂੰ ਅਪਗ੍ਰੇਡ ਕਰ ਦਿੱਤਾ ਗਿਆ, ਨਵੇਂ ਬਣੇ ਮੰਤਰੀਆਂ ਨੇ ਆਪਣਾ ਅਹੁਦਾ ਵੀ ਸਾਂਭ ਲਿਆ ਪਰ ਖੇਤੀਬਾੜੀ ਵਿਭਾਗ ਹਾਲੇ ਤੱਕ ਵੀ ਅਪਡੇਟ ਨਹੀਂ ਹੋਇਆ ਹੈ। ਖੇਤੀਬਾੜੀ ਵਿਭਾਗ ਨੇ ਆਪਣੀ ਵੈੱਬਸਾਈਟ 'ਤੇ ਹਾਲੇ ਵੀ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਦੱਸਿਆ ਹੈ। ਜਦਕਿ ਉਹਨਾਂ ਤੋਂ ਇਹ ਮੰਤਰਾਲਾ 15 ਦਿਨ ਪਹਿਲਾਂ ਹੀ ਵਾਪਸ ਲੈ ਲਿਆ ਸੀ।
ਵੈਸੇ ਦੇਖਿਆ ਜਾਵੇ ਤਾਂ ਸੂਬਾ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੀਆਂ ਵੈੱਬਸਾਈਟਾਂ ਨੂੰ ਸਮੇਂ ਸਮੇਂ 'ਤੇ ਅੱਪਡੇਟ ਨਹੀਂ ਕੀਤਾ ਜਾਂਦਾ ਹੈ। ਇਸ ਕਾਰਨ ਜਿੱਥੇ ਅਜਿਹੀਆਂ ਗਲਤੀਆਂ ਹੁੰਦੀਆਂ ਹਨ। ਉੱਥੇ ਲੋਕ ਵੈੱਬਸਾਈਟਾਂ ਤੋਂ ਮਿਲਣ ਵਾਲੀਆਂ ਜਾਣਕਾਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਤੋਂ ਇਲਾਵਾ ਕਾਂਗਰਸ ਸਰਕਾਰ ਸਮੇਂ ਵੀ ਵੈੱਬਸਾਈਟਾਂ ਸਮੇਂ ਸਿਰ ਅਪਡੇਟ ਨਾ ਹੋਣ ਦੀਆਂ ਸ਼ਿਕਾਇਤਾਂ ਲੋਕ ਕਰਦੇ ਰਹਿੰਦੇ ਸਨ। ਪਰ ਉਸ ਸਮੇਂ ਕੋਈ ਸੁਣਵਾਈ ਨਹੀਂ ਹੋਈ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਹਾਲਾਤ ਕੁਝ ਅਜਿਹੇ ਹੀ ਬਣਦੇ ਦਿਖਾਈ ਦੇ ਰਹੇ ਹਨ।
31 ਮਈ ਨੂੰ ਪੰਜਾਬ ਦੀ ਕੈਬਨਿਟ ਦਾ ਵਿਸਥਾਰ ਕੀਤਾ ਗਿਆ ਸੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਜਰ ਵੱਲੋਂ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦਿੱਤੇ ਜਾਣ ਮਗਰੋਂ ਪੰਜਾਬ ਸਰਕਾਰ ਨੇ ਵਿਧਾਨ ਸਭਾ ਹਲਕਾ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਤੇ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਹੈ। ਇਸ ਤਰ੍ਹਾਂ ‘ਆਪ’ ਸਰਕਾਰ ਨੇ ਪੰਜਾਬ ਵਿੱਚ ਆਪਣੇ ਸਾਢੇ 14 ਮਹੀਨਿਆਂ ਦੇ ਕਾਰਜਕਾਲ ਦੌਰਾਨ ਤੀਜੀ ਵਾਰ ਮੰਤਰੀ ਮੰਡਲ ਵਿੱਚ ਵਾਧਾ ਕੀਤਾ ਹੈ, ਜਿਸ ਨਾਲ ਮੰਤਰੀ ਮੰਡਲ ’ਚ ਮੰਤਰੀਆਂ ਦੀ ਗਿਣਤੀ ਵਧ ਕੇ 16 ਹੋ ਗਈ ਹੈ, ਜਦਕਿ ਹਾਲੇ ਵੀ ਦੋ ਕੁਰਸੀਆਂ ਖਾਲੀ ਹਨ। ਤੀਸਰੇ ਵਿਸਥਾਰ ਵਿੱਚ ਕੁਲਦੀਪ ਸਿੰਘ ਧਾਲੀਵਾਲ ਤੋਂ ਪੰਚਾਇਤ ਅਤੇ ਖੇਤੀਬਾੜੀ ਵਿਭਾਗ ਵਾਪਸ ਲੈ ਲਿਆ ਸੀ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਬਣਾਇਆ ਗਿਆ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਬਣਾਇਆ ਸੀ।