ਚੰਡੀਗੜ੍ਹ: ਅਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਲੋਕਾਂ ਲਈ ਸਭ ਤੋਂ ਵੱਡੀ ਸਮੱਸਿਆ ਬਣ ਰਹੀ ਹੈ। ਰੋਜ਼ਾਨਾਂ ਹੀ ਬੱਚਿਆਂ 'ਤੇ ਕੁੱਤਿਆਂ ਦੇ ਹਮਲਿਆਂ ਦੀ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇਹ ਮਾਮਲਾ ਪੰਜਾਬ ਵਿਧਾਨ ਸਭਾ ਵਿੱਚ ਵੀ ਗੂੰਜਦਾ ਰਿਹਾ ਹੈ ਪਰ ਸਰਕਾਰ ਇਸ ਦਾ ਕੋਈ ਹੱਲ਼ ਨਹੀਂ ਕੱਢ ਸਕੀ। ਹੁਣ ਅਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਤੇ ਖੌਫ ਦਾ ਮਾਮਲਾ ਦਿੱਲੀ ਤੱਕ ਪਹੁੰਚ ਗਿਆ ਹੈ।

ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਮਾਮਲੇ ਨੂੰ ਜ਼ਰੋਸ਼ੋਰ ਨਾਲ ਲੋਕ ਸਭਾ ਵਿੱਚ ਰੱਖਿਆ ਤੇ ਗੰਭੀਰ ਮਾਮਲੇ ਨੂੰ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ 3.5 ਕਰੋੜ ਹੋ ਗਈ ਹੈ। ਇਨ੍ਹਾਂ ਦੇ ਵੱਢਣ ਨਾਲ ਹਰ ਸਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ।

ਉਨ੍ਹਾਂ ਆਖਿਆ ਕਿ ਜਦੋਂ ਤੋਂ ਅਵਾਰਾ ਕੁੱਤਿਆਂ ਨੂੰ ਮਾਰਨ ’ਤੇ ਪਾਬੰਦੀ ਲਾਈ ਗਈ ਹੈ, ਇਨ੍ਹਾਂ ਦੀ ਆਬਾਦੀ ਨਿਰੰਤਰ ਵਧ ਰਹੀ ਹੈ। ਜੇਕਰ ਇਸ ਸਮੱਸਿਆ ਨੂੰ ਹੱਲ ਨਾ ਕੀਤਾ ਗਿਆ ਤਾਂ ਇਹ ਖਤਰਨਾਕ ਰੂਪ ਅਖ਼ਤਿਆਰ ਕਰੇਗੀ। ਉਨ੍ਹਾਂ ਮੌਜੂਦਾ ਸਥਿਤੀ ਨੂੰ ਭਵਿੱਖ ਵਾਸਤੇ ਖਤਰੇ ਦੀ ਘੰਟੀ ਕਰਾਰ ਦਿੱਤਾ। ਕੁੱਤਿਆਂ ਦੇ ਵੱਢਣ ਨਾਲ ਹਲਕਾਅ ਹੋਣ ਦੀ ਬੀਮਾਰੀ ਦੇ ਅੰਕੜੇ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ।

ਅਵਾਰਾ ਕੁੱਤਿਆਂ ਦੀ ਵੱਧ ਚੁੱਕੀ ਆਬਾਦੀ ਕਾਰਨ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਦਾ ਇਕੱਲੇ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਚੁੱਕਾ ਹੈ। ਸੂਬੇ ਵਿਚ ਨਿੱਤ ਦਿਨ ਹੀ ਅਵਾਰਾ ਕੁੱਤੇ ਮਾਸੂਮ ਬੱਚਿਆਂ ਤੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ 2015 ਵਿੱਚ 22 ਹਜ਼ਾਰ ਜਣਿਆਂ ਨੂੰ ਅਵਾਰਾ ਕੁੱਤਿਆਂ ਨੇ ਵੱਢਿਆ, 2016 ਵਿੱਚ ਇਨ੍ਹਾਂ ਦੀ ਗਿਣਤੀ ਵਧ ਕੇ 37 ਹਜ਼ਾਰ ਹੋ ਗਈ। 2017 ਵਿਚ 54 ਹਜ਼ਾਰ ਤੇ 2018 ਵਿਚ ਇੱਕ ਲੱਖ ਤੋਂ ਵੀ ਵੱਧ ਲੋਕ ਕੁੱਤਿਆਂ ਦੇ ਵੱਢਣ ਦਾ ਸ਼ਿਕਾਰ ਹੋਏ ਜਿਨ੍ਹਾਂ ਵਿੱਚੋਂ ਅੱਧਿਆਂ ਤੋਂ ਵੱਧ ਗਿਣਤੀ ਬੱਚਿਆਂ ਦੀ ਹੈ।

ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚ ਅਵਾਰਾ ਕੁੱਤਿਆਂ ਕੂੜੇ ਦੇ ਢੇਰ ਵਿੱਚ ਮੂੰਹ ਮਾਰਦੇ ਹਨ ਜਦੋਂਕਿ ਪਿੰਡਾਂ ਵਿੱਚ ਹੱਡਾਰੋੜੀ ’ਤੇ ਸੁੱਟੇ ਗਏ ਮਰੇ ਪਸ਼ੂ ਇਨ੍ਹਾਂ ਦਾ ਭੋਜਨ ਬਣਦੇ ਹਨ। ਪੰਜਾਬ ਵਿੱਚ ਜ਼ਿਆਦਾਤਰ ਹੱਡਾਰੋੜੀਆਂ ਸਰਕਾਰੀ ਸਕੂਲਾਂ ਦੇ ਨੇੜੇ ਹਨ ਸਕੂਲ ਆਉਂਦੇ ਜਾਂਦੇ ਬੱਚੇ ਇਨ੍ਹਾਂ ਅਵਾਰਾ ਕੁੱਤਿਆਂ ਦਾ ਸ਼ਿਕਾਰ ਬਣ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਗੰਭੀਰ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਇਸ ਸਬੰਧੀ ਅਵਾਰਾ ਕੁੱਤਿਆਂ ਦੀ ਨਸਬੰਦੀ ਤੇ ਹੋਰ ਲੋੜੀਂਦੇ ਕਦਮ ਚੁੱਕੇ ਜਾਣ ਤਾਂ ਕਿ ਇਨਸਾਨੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ।