ਗਗਨਦੀਪ ਸ਼ਰਮਾ



ਤਰਨ ਤਾਰਨ: ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਨੂੰ ਕਤਲ ਕਰਨ ਵਾਲੇ ਮੁੱਖ ਮੁਲਜ਼ਮ ਗੁਰਜੀਤ ਸਿੰਘ ਉਰਫ ਭਾਅ ਤੇ ਸੁਖਦੀਪ ਸਿੰਘ ਭੂਰਾ, ਜੋ ਸੱਤ ਦਸੰਬਰ ਨੂੰ ਦਿੱਲੀ ਪੁਲਿਸ ਵੱਲੋਂ ਕਸ਼ਮੀਰੀ ਅੱਤਵਾਦੀਆਂ ਨਾਲ ਦਿੱਲੀ 'ਚੋਂ ਗ੍ਰਿਫਤਾਰ ਕੀਤੇ ਗਏ ਸੀ, ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਲਈ ਪਿਛਲੇ ਦੋ ਹਫਤਿਆਂ ਤੋਂ ਤਰਨ ਤਾਰਨ ਪੁਲਿਸ ਹੱਥ ਪੈਰ ਮਾਰ ਰਹੀ ਹੈ। ਹਾਲੇ ਤਕ ਤਰਨ ਤਾਰਨ ਪੁਲਿਸ ਨੂੰ ਸਫ਼ਲਤਾ ਹਾਸਲ ਨਹੀਂ ਹੋਈ।

ਭਾਵੇਂ ਗੁਰਜੀਤ ਤੇ ਸੁਖਦੀਪ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਮਾਮਲੇ ਦੇ ਮੁੱਖ ਮੁਲਜਮਾਂ ਦੀ ਗ੍ਰਿਫਤਾਰੀ ਦਾ ਖੁਲਾਸਾ ਤਾਂ ਕਰ ਦਿੱਤਾ ਸੀ ਪਰ ਤਰਨ ਤਾਰਨ ਪੁਲਿਸ ਕੋਲ ਆਪਣੇ ਸਵਾਲਾਂ ਦੀ ਲੰਬੀ ਲਿਸਟ ਹੈ, ਜਿਨ੍ਹਾਂ ਦੇ ਜਵਾਬ ਦੋਵਾਂ ਦੇ ਪੰਜਾਬ ਪੁਲਿਸ ਨੂੰ ਪ੍ਰੋਡਕਸ਼ਨ ਵਾਰੰਟ ਹਾਸਲ ਹੋਣ ਤੋਂ ਬਾਅਦ ਹੀ ਮਿਲਣਗੇ।

ਤਰਨ ਤਾਰਨ ਦੇ SSP ਧਰੁੰਮਨ ਨਿੰਬਲੇ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ 27 ਦਸੰਬਰ ਤਕ ਗੁਰਜੀਤ ਤੇ ਸੁਖਦੀਪ ਦਾ ਰਿਮਾਂਡ ਦਿੱਲੀ ਪੁਲਿਸ ਤੋਂ ਪੰਜਾਬ ਪੁਲਿਸ ਨੂੰ ਮਿਲ ਜਾਵੇਗਾ। ਨਿੰਭਾਲੇ ਨੇ ਦੇਰੀ ਦੀ ਵਜਾ ਦਾ ਮੁੱਖ ਕਾਰਨ ਦੋਵਾਂ ਦੀ ਗ੍ਰਿਫਤਾਰੀ ਕਸ਼ਮੀਰੀ ਅੱਤਵਾਦੀਆਂ ਨਾਲ ਹੈਰੋਇਨ ਤੇ ਹਥਿਆਰਾਂ ਸਮੇਤ ਹੋਣ ਨੂੰ ਦੱਸਿਆ ਜਿਸ ਕਾਰਨ ਉਨਾਂ ਖਿਲਾਫ ਯੂਏਪੀਏ ਸਮੇਤ ਕਈ ਤਰਾਂ ਦੇ ਕੇਸਾਂ ਦੀ ਜਾਂਚ ਚੱਲ ਰਹੀ ਹੈ।

ਦੋਵੇਂ ਲਗਾਤਾਰ ਦਿੱਲੀ ਪੁਲਿਸ ਦੀ ਰਿਮਾਂਡ ਤੇ ਚੱਲ ਰਹੇ ਹਨ। SSP ਮੁਤਾਬਕ ਦਿੱਲੀ ਪੁਲਿਸ ਨਾਲ ਲਗਾਤਾਰ ਉਨਾਂ ਦਾ ਸੰਪਰਕ ਬਣਿਆ ਹੋਇਆ ਹੈ ਤੇ ਦਿੱਲੀ ਪੁਲਿਸ ਤੋਂ ਇਜਾਜ਼ਤ ਮਿਲਦਿਆਂ ਹੀ ਤਰਨ ਤਾਰਨ ਪੁਲਿਸ ਨੂੰ ਦਿੱਲੀ ਸਪੈਸ਼ਲ ਕੋਰਟ ਤੋਂ ਦੋਵਾਂ ਦਾ ਪ੍ਰੋਡਕਸ਼ਨ ਵਾਰੰਟ ਮਿਲ ਜਾਵੇਗਾ। ਧਰੁੰਮਨ ਨਿੰਬਲੇ ਨੇ ਇਸ ਗੱਲ ਨੂੰ ਬੇਬੁਨਿਆਦ ਦੱਸਿਆ ਕਿ ਪੰਜਾਬ ਪੁਲਿਸ ਤੇ ਦਿੱਲੀ ਪੁਲਿਸ 'ਚ ਤਾਲਮੇਲ ਦੀ ਕਮੀ ਹੈ।

ਕਾਮਰੇਡ ਬਲਵਿੰਦਰ ਸੰਧੂ ਦੇ ਕਤਲ ਦੇ ਮੁੱਖ ਸਾਜਿਸ਼ਕਰਤਾ ਸੁੱਖ ਭਿਖਾਰੀਵਾਲ ਬਾਰੇ ਸਥਿਤੀ ਸਾਫ ਕਰਦਿਆਂ ਨਿੰਬਲੇ ਨੇ ਕਿਹਾ ਕਿ ਸੁੱਖ ਭਿਖਾਰੀਵਾਲ ਫਿਲਹਾਲ ਦੁਬਈ 'ਚ ਹੀ ਹੈ ਕਿਉਂਕਿ ਉਹ ਜਾਲੀ ਪਾਸਪੋਰਟ ਤੇ ਦੁਬਈ ਗਿਆ ਹੈ ਤੇ ਉਸ ਦੀ ਸ਼ਨਾਖਤ ਦੁਬਈ ਅਥਾਰਟੀ 'ਚ ਸਾਬਿਤ ਕਰਨ ਤੋਂ ਬਆਦ ਉਸ ਨੂੰ ਭਾਰਤ ਲਿਆਂਦਾ ਜਾਵੇਗਾ। ਇਸ ਲਈ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਦੋਵੇਂ ਹੀ ਲੱਗੇ ਹੋਏ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਉਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ। SSP ਤਰਨ ਤਾਰਨ ਨੇ ਖੁਲਾਸਾ ਕੀਤਾ ਕਿ ਪੂਰੇ ਕਤਲ 'ਚ 10 ਲੱਖ ਰੁਪਏ ਦੀ ਸੁਪਾਰੀ ਤੇਅ ਹੋਈ ਸੀ ਤੇ ਕਤਲ ਕਰਨ ਆਏ ਗੁਰਜੀਤ ਤੇ ਸੁਖਦੀਪ ਨੂੰ ਬਲਵਿੰਦਰ ਸੰਧੂ ਦੀ ਅਸਲ ਪਛਾਣ ਦੱਸੇ ਬਗੈਰ ਮਾਰਨ ਦੇ ਹੁਕਮ ਦਿੱਤੇ ਗਏ ਸੀ।

ਇਸ ਤੋਂ ਇਲਾਵਾ ਸੁੱਖ ਭਿਖਾਰੀਵਾਲ ਦੀ ਭਾਰਤ ਹਵਾਲਗੀ ਤੋਂ ਬਆਦ ਪੁੱਛਗਿੱਛ 'ਚ ਪੂਰੀ ਸਾਜਿਸ਼ ਸਣੇ ਸਬੂਤ ਸਾਹਮਣੇ ਆਉਣ ਦਾ ਦਾਅਵਾ ਤਰਨਤਾਰਨ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁੱਖ ਭਿਖਾਰੀਵਾਲ ਦੁਬਈ 'ਚ ਭਾਰਤੀ ਏਜੰਸੀਆਂ ਦੀ ਨਜ਼ਰ 'ਚ ਹੈ ਤੇ ਉਸ ਦੀ ਸ਼ਨਾਖਤ ਸਾਬਤ ਕਰਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ।