ਬਠਿੰਡਾ: ਬਠਿੰਡਾ ਖ਼ਿੱਤੇ ਦੇ ਸੈਂਕੜੇ ਲੋਕਾਂ ਦੇ ਇੱਕ 'ਬਿਹਾਰੀ ਠੱਗ' ਨੇ ਖਾਤੇ ਖ਼ਾਲੀ ਕਰ ਦਿੱਤੇ ਹਨ। ਹਰ ਹਫਤੇ ਠੱਗੀ ਦਾ ਦੋ-ਚਾਰ ਵਿਅਕਤੀ ਸ਼ਿਕਾਰ ਹੋ ਰਹੇ ਹਨ। ਪਹਿਲਾਂ ਚਤਰਾਈ ਵਰਤ ਕੇ ਖਾਤੇ 'ਚੋਂ ਪੈਸਾ ਕੱਢਦਾ ਹੈ। ਅੱਗਿਓਂ ਉਸ ਦੇ ਠੱਗੇ ਹੋਏ ਲੋਕ ਕਾਫ਼ੀ ਗਿਣਤੀ ਵਿੱਚ ਆ ਰਹੇ ਹਨ। ਭਾਰਤੀ ਫੌਜ ਦੇ ਕਰਨਲ (ਰਿਟਾ.) ਦੀ ਪਤਨੀ ਬਲਵਿੰਦਰ ਕੌਰ ਵਾਸੀ ਰਾਮਪੁਰਾ ਨੂੰ ਇਸ 'ਬਿਹਾਰੀ ਠੱਗ' ਨੇ ਦੋ ਦਿਨ ਪਹਿਲਾਂ ਹੀ ਠੱਗਿਆ ਹੈ।
ਉਹ ਦੱਸਦੀ ਹੈ ਕਿ ਉਹ ਪ੍ਰਾਈਵੇਟ ਹਸਪਤਾਲ ਵਿਚ ਸੀ ਕਿ ਇੱਕ ਫੋਨ ਆਇਆ। ਫੋਨ ਕਰਨ ਵਾਲੇ ਨੇ ਆਪਣੇ-ਆਪ ਨੂੰ ਬੈਂਕ ਮੈਨੇਜਰ ਦੱਸਿਆ ਤੇ ਖਾਤੇ ਨੂੰ ਅਧਾਰ ਕਾਰਡ ਨਾਲ ਜੋੜਨ ਦੀ ਗੱਲ ਆਖੀ।    ਬਲਵਿੰਦਰ ਕੌਰ ਨੇ ਉਸ ਨੂੰ ਆਪਣੇ ਏਟੀਐਮ ਨੰਬਰ ਦੱਸ ਦਿੱਤਾ। ਉਸ ਮਗਰੋਂ ਹੀ ਉਸ ਦੇ ਖਾਤੇ 'ਚੋਂ 199000 ਰੁਪਏ ਨਿਕਲ ਗਏ, ਜਦੋਂ ਠੱਗੀ ਦਾ ਇਲਮ ਹੋਇਆ ਤਾਂ ਬਲਵਿੰਦਰ ਕੌਰ ਨੇ ਠੱਗ ਦਾ ਫੋਨ ਨੰਬਰ ਟਰੂ ਕਾਲਰ 'ਤੇ ਸਰਚ ਕੀਤਾ ਤਾਂ 'ਰਾਜ ਕੁਮਾਰ ਬੈਂਕ ਚੋਰ' ਆ ਰਿਹਾ ਸੀ। ਇਸ ਮਹਿਲਾ ਦੇ ਰਿਸ਼ਤੇਦਾਰ ਨੇ ਠੱਗ ਨੂੰ ਫੋਨ ਨੰਬਰ ਮਿਲਾਇਆ ਤਾਂ ਠੱਗ ਨੇ ਪਟਨਾ ਦਾ ਵਸਨੀਕ ਦੱਸਦੇ ਹੋਏ ਗਾਲਾਂ ਦੀ ਬੁਛਾੜ ਲਾ ਦਿੱਤੀ।
ਇਸੇ ਤਰ੍ਹਾਂ ਬਠਿੰਡਾ ਛਾਉਣੀ ਦਾ ਇੱਕ ਹੋਰ ਕਰਨਲ ਠੱਗਿਆ ਗਿਆ ਹੈ। ਉਸ ਨੂੰ ਇਸੇ ਬਿਹਾਰੀ ਠੱਗ ਦੀ ਏਟੀਐਮ ਬਲਾਕ ਹੋਣ ਦੀ ਕਾਲ ਆਈ।   ਕਰਨਲ ਨੇ ਬੈਂਕ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਉਸ ਨੇ ਸੱਚ ਸਮਝ ਕੇ ਨੰਬਰ ਦੱਸ ਦਿੱਤਾ ਤਾਂ ਉਸ ਦੀ ਸਤੰਬਰ ਮਹੀਨੇ ਦੀ ਪੂਰੀ ਤਨਖਾਹ ਸਾਫ਼ ਕਰ ਦਿੱਤੀ। ਠੱਗ ਦੇ ਆਏ ਨੰਬਰ 'ਤੇ ਜਦੋਂ ਬੈਕ ਕਾਲ ਕੀਤੀ  ਗਈ ਤਾਂ ਉਸ ਨੇ ਗਾਲਾਂ ਦੀ ਝੜੀ ਲਾ ਦਿੱਤੀ। ਬਠਿੰਡਾ ਥਰਮਲ ਦੇ ਲੇਖਾ ਬਰਾਂਚ ਦੇ ਇੱਕ ਅਧਿਕਾਰੀ ਨੂੰ ਵੀ ਬਿਹਾਰੀ ਠੱਗ ਨੇ ਠੱਗ ਲਿਆ ਹੈ।