ਪਟਿਆਲਾ: ਬਿਜਲੀ ਨਿਗਮ ਦੀ ਮੈਨੈਜਮੈਂਟ ਨੇ 15 ਸਤੰਬਰ ਨੂੰ ਮੁੱਖ ਦਫ਼ਤਰ ਸਾਹਮਣੇ ਪਟਿਆਲਾ ਵਿਖੇ ਹੋਏ ਧਰਨੇ ਵਿਚ ਸ਼ਾਮਲ ਕਰਮਚਾਰੀਆਂ ਦੀਆਂ ਤਨਖ਼ਾਹਾਂ ਕੱਟਣ ਦੇ ਨਾਦਰਸ਼ਾਹੀ ਹੁਕਮ ਜਾਰੀ ਕਰ ਕੇ ਉਨ੍ਹਾਂ ਦੀ ਇਕ ਦਿਨ ਦੀ ਤਨਖ਼ਾਹ ਕੱਟ ਲਈ ਹੈ।ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੂਬਾਈ ਕਨਵੀਨਰ ਹਰਭਜਨ ਸਿੰਘ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਬਿਜਲੀ ਨਿਗਮ ਦੀ ਮੈਨੇਜਮੈਂਟ 'ਤੇ ਦੋਸ਼ ਲਗਾਇਆ ਕਿ ਉਹ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਉਨ੍ਹਾਂ ਦੇ ਸ਼ਾਂਤਮਈ ਸੰਘਰਸ਼ਾਂ ਨੂੰ ਕੋਝੇ ਹੱਥਕੰਡੇ ਵਰਤ ਕੇ ਦਬਾਉਣਾ ਚਾਹੁੰਦੀ ਹੈ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਬਿਜਲੀ ਮੁਲਾਜ਼ਮਾਂ ਦੇ ਮਸਲੇ ਤੇ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ।
ਮੈਨੇਜਮੈਂਟ ਮਸਲੇ ਹੱਲ ਕਰਨ ਦੀ ਬਜਾਏ ਲਾਰੇ ਲੱਪੇ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਜਥੇਬੰਦੀ ਨੂੰ ਪਹਿਲਾਂ 17 ਸਤੰਬਰ, 7 ਅਕੂਤਬਰ, 17 ਅਕਤੂਬਰ ਤੇ ਮੁੜ 30 ਅਕੂਤਬਰ ਨੂੰ ਮੀਟਿੰਗ ਦਿਤੀ ਜਿਹੜੀ ਹੁਣ 2 ਨਵੰਬਰ ਨੂੰ ਕਰ ਦਿਤੀ ਹੈ। ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨੇ ਕਿਹਾ ਕਿ ਅਫ਼ਸਰਸ਼ਾਹੀ ਪੰਜਾਬ ਦੇ ਹਰ ਵਰਗ ਨੂੰ ਸਰਕਾਰ ਵਿਰੁਧ ਲਾਮਬੰਦ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਮੈਨੇਜਮੈਂਟ ਦੇ ਇਸ ਰਵੱਈਏ ਤੋਂ ਮੁਲਾਜ਼ਮਾਂ ਨੂੰ ਮਸਲੇ ਹੱਲ ਹੋਣ ਦੀ ਉਮੀਦ ਨਹੀਂ ਹੈ, ਇਸ ਲਈ ਬਿਜਲੀ ਕਾਮੇ ਮਰੋ ਜਾਂ ਕਰੋ ਦੀ ਲੜਾਈ ਨੂੰ ਤਿੱਖਾ ਕਰਨਗੇ। ਉਨ੍ਹਾਂ ਕਿਹਾ ਕਿ ਬਿਜਲੀ ਕਾਮੇ ਅਪਣੇ ਸੰਘਰਸ਼ ਨੂੰ ਤਿੱਖਾ ਕਰਨ ਲਈ 30 ਨਵੰਬਰ ਤਕ ਪੰਜਾਬ ਦੀਆਂ ਸਾਰੀਆਂ ਡਵੀਜ਼ਨਾਂ ਤੇ ਪੋਲ ਖੋਲ੍ਹ ਰੈਲੀਆਂ ਜਾਰੀ ਰੱਖਣਗੇ।
ਜਥੇਬੰਦੀ ਦੇ ਆਗੂਆਂ ਨੇ ਬਿਜਲੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਪੈ ਬੈਡ 1.12.11 ਤੋਂ ਲਾਗੁ ਕਰਵਾਉਣ, ਵਰਕਚਾਰਜ਼ ਕਾਮਿਆਂ ਨੂੰ ਪੱਕੇ ਕਰਾਉਣ, ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ ਦਿਵਾਉਣ ਅਤੇ ਹੋਰਨਾਂ 28 ਮੰਗਾਂ ਦੀ ਪ੍ਰਾਪਤੀ ਲਈ ਅਪਣੇ ਸੰਘਰਸ਼ ਨੂੰ ਤੇਜ਼ ਕਰਨ। ਉਨ੍ਹਾਂ ਕਿਹਾ ਕਿ ਜੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ 2 ਨਵੰਬਰ ਦੀ ਮੀਟਿੰਗ ਵਿਚ ਫ਼ੈਸਲੇ ਲਾਗੂ ਨਾ ਕੀਤੇ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।