ਚੰਡੀਗੜ੍ਹ: ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਵਿਰੁੱਧ ਆਈ ਰਿਪੋਰਟ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਕੇਜਰੀਵਾਲ ਦੇ ਮੁਆਫ਼ੀਨਾਮੇ ਦਾ ਅਸਰ ਘਟਾਉਣ ਲਈ ਐਸ.ਟੀ.ਐਫ. ਦੀ ਰਿਪੋਰਟ ਨੂੰ ਜਾਣ ਬੁੱਝ ਕੇ ਲੀਕ ਕੀਤਾ ਗਿਆ ਹੈ। ਮਜੀਠੀਆ ਨੇ ਮੰਤਰੀ ਨਵਜੋਤ ਸਿੱਧੂ ਤੇ ਉਨ੍ਹਾਂ ਦੀ ਪਤਨੀ ਦੀ ਐਸ.ਟੀ.ਐਫ. ਮੁਖੀ ਹਰਪ੍ਰੀਤ ਸਿੰਘ ਸਿੱਧੂ ਦੀ ਮਿਲੀਭੁਗਤ ਹੋਣ ਦਾ ਖ਼ਦਸ਼ਾ ਵੀ ਪ੍ਰਗਟਾਇਆ।

ਮਜੀਠੀਆ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਬੰਟੀ-ਬਬਲੀ ਦੀ ਜੋੜੀ ਕਿਹਾ। ਮਜੀਠੀਆ ਨੇ ਕਿਹਾ ਕਿ ਬੰਟੀ-ਬਬਲੀ ਨੇ ਇਹ ਰਿਪੋਰਟ ਫ਼ਰਜ਼ੀ ਤਿਆਰ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਐਸ.ਟੀ.ਐਫ. ਚੀਫ਼ ਸਿੱਧੂ ਤੇ ਨਵਜੋਤ ਸਿੱਧੂ ਨੇ ਇਹ ਗ਼ਲਤ ਰਿਪੋਰਟ ਤਿਆਰ ਕੀਤੀ ਹੈ।

ਏਬੀਪੀ ਨਿਊਜ਼ ਨੇ ਇਹ ਰਿਪੋਰਟ 15 ਮਾਰਚ ਨੂੰ ਤੁਹਾਨੂੰ ਵਿਖਾਈ ਸੀ। ਇਸ ਵਿੱਚ ਐਸਟੀਐਫ ਨੇ ਲੋੜੀਂਦੇ ਸਬੂਤ ਹੋਣ ਦਾ ਦਾਅਵਾ ਕਰਦਿਆਂ ਮਜੀਠੀਆ ਵਿਰੁੱਧ ਜਾਂਚ ਸ਼ੁਰੂ ਕਰਨ ਦੀ ਸਿਫਾਰਿਸ਼ ਕੀਤੀ ਹੈ। ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਮਜੀਠੀਆ ਨੇ ਨਾ ਸਿਰਫ਼ ਆਪਣੀ ਸਫ਼ਾਈ ਦਿੱਤੀ ਬਲਕਿ ਨਵਜੋਤ ਸਿੱਧੂ ਤੇ ਉਨ੍ਹਾਂ ਦੀ ਪਤਨੀ ਦੇ ਨਾਲ ਨਾਲ ਐਸ.ਟੀ.ਐਫ. ਚੀਫ਼ ਵਿਰੁੱਧ ਇਲਜ਼ਾਮਾਂ ਦੀ ਝੜੀ ਲਾ ਦਿੱਤੀ ਹੈ।

ਮਜੀਠੀਆ ਨੇ ਕਿਹਾ ਕਿ ਇਹ ਕੇਸ ਸੁਪਰੀਮ ਕੋਰਟ ਤਕ ਜਾ ਚੁੱਕਾ ਹੈ ਤੇ ਉੱਥੋਂ ਪਟੀਸ਼ਨ ਖਾਰਜ ਹੋ ਚੁੱਕੀ ਹੈ, ਪਰ ਸਿੱਧੂ ਤੇ ਸਿੱਧੂ ਨੇ ਮਿਲ ਕੇ ਕਿਚਨ ਵਿੱਚ ਕਿਵੇਂ ਰਿਪੋਰਟ ਤਿਆਰ ਕਰ ਲਈ ਤੇ ਕਿਸ ਨੇ ਤੜਕਾ ਲਾਇਆ, ਕਿਸ ਦੀ ਰੈਸਿਪੀ ਪਾਈ ਗਈ, ਇਹ ਸਭ ਇਨ੍ਹਾਂ ਨੂੰ ਹੁਣ ਅਦਾਲਤ ਵਿੱਚ ਦੱਸਣਾ ਪਵੇਗਾ।

ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਨਵਜੋਤ ਸਿੱਧੂ ਨੇ ਸ਼ੁੱਕਰਵਾਰ ਨੂੰ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ। ਸਿੱਧੂ ਨੇ ਕਿਹਾ ਸੀ,"ਨਸ਼ਾ ਤਸਕਰ ਸਤਪ੍ਰੀਤ ਸੱਤਾ ਕੈਨੇਡਾ ਤੋਂ ਪੰਜਾਬ ਆ ਕੇ ਮਜੀਠੀਆ ਦੇ ਘਰ ਰਹਿੰਦਾ ਸੀ। ਐਸ.ਟੀ.ਐਫ. ਰਿਪੋਰਟ ਤੋਂ ਇਹ ਸਾਬਤ ਹੋ ਗਇਆ ਹੈ ਇਸ ਲਈ ਹੁਣ ਕੈਪਟਨ ਸਰਕਾਰ ਮਜੀਠੀਆ ਵਿਰੁੱਧ ਕਾਰਵਾਈ ਕਰੇਗੀ।"

ਇੱਕ ਪਾਸੇ ਕੈਪਟਨ ਸਰਕਾਰ ਦੇ ਮੰਤਰੀ ਸਿੱਧੂ ਦਾਅਵਾ ਕਰ ਰਹੇ ਹਨ ਕਿ ਮਜੀਠੀਆ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਬਾਰੇ ਕੁਝ ਬੋਲਣ ਲਈ ਤਿਆਰ ਨਹੀਂ ਹਨ। ਦਿੱਲੀ ਵਿੱਚ ਜਦ ਏਬੀਪੀ ਨਿਊਜ਼ ਨੇ ਉਨ੍ਹਾਂ ਤੋਂ ਇਸ ਸਬੰਧੀ ਸਵਾਲ ਪੁੱਛਿਆ ਤਾਂ ਉਹ ਬਿਨਾ ਕੁਝ ਬੋਲੇ ਚਲੇ ਗਏ।