ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਖੇਤੀ ਕਾਨੂੰਨਾਂ ਕਰਕੇ ਬੀਜੇਪੀ ਨੇਤਾ ਲਗਾਤਾਰ ਕਿਸਾਨਾਂ ਦੇ ਨਿਸ਼ਾਨੇ 'ਤੇ ਆ ਰਹੇ ਹਨ। ਇਸ ਦੇ ਨਾਲ ਹੀ ਧੱਕਾ-ਮੁੱਕੀ ਦੀਆਂ ਖ਼ਬਰਾਂ ਵੀ ਆਉਂਦੀਆਂ ਹਨ। ਤਾਜ਼ਾ ਮਾਮਲਾ ਪੰਜਾਬ ਦੇ ਨੰਗਲ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਜੇਪੀ ਨੇਤਾ ਤੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।


ਦੱਸ ਦਈਏ ਕਿ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਸਮੇਤ ਪਾਰਟੀ ਵਰਕਰਾਂ ਦਾ ਨੰਗਲ ਨਾਲ ਲੱਗਦੇ ਪਿੰਡ ਬਹੂ ਸਾਹਿਬ ਵਿਖੇ ਦੇਰ ਰਾਤ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਸੀ ਪਰ ਕਿਸਾਨਾਂ ਨੇ ਇਸ ਦੌਰਾਨ ਜਿਸ ਘਰ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਚੱਲ ਰਹੀ ਸੀ, ਉੱਥੇ ਦੀ ਬਾਹਰਲੀ ਸੜਕ 'ਤੇ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਕੇਂਦਰ ਸਰਕਾਰ ਤੇ ਮਦਨ ਮੋਹਨ ਮਿੱਤਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।


ਸੂਬੇ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹਨ। ਇਸ ਲਈ ਜਿਉਂ-ਜਿਉਂ ਚੋਣਾਂ ਨੇੜੇ ਆ ਰਿਹਾ ਹੈ, ਰਾਜਨੀਤਕ ਪਾਰਟੀਆਂ ਨੇ ਵੀ ਮੀਟਿੰਗਾਂ ਦਾ ਦੌਰ ਤੇਜ਼ ਕਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਕਾਨੂੰਨ ਲਿਆਂਦੇ ਜਾਣ ਦੇ ਵਿਰੋਧ ਵਿੱਚ ਸੰਯੁਕਤ ਮੋਰਚਾ ਵੱਲੋਂ ਭਾਜਪਾ ਦੇ ਪ੍ਰੋਗਰਾਮ ਤੇ ਮੌਜੂਦਾ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਹਿਤ ਨੰਗਲ ਪਹੁੰਚੇ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੂੰ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ।


ਹਾਲਾਤ ਦੇ ਮੱਦੇਨਜ਼ਰ ਮਿੱਤਲ ਨੂੰ ਭਾਰੀ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ਮਦਨ ਮੋਹਨ ਨੂੰ ਉੱਥੋਂ ਗੱਡੀ 'ਚ ਬੈਠਾ ਕੇ ਕੱਢਿਆ ਗਿਆ। ਸਾਬਕਾ ਭਾਜਪਾ ਕੈਬਨਿਟ ਮੰਤਰੀ ਦੀ ਕਾਰ ਦੇ ਪਿੱਛੇ ਵੀ ਕਿਸਾਨ ਨਾਅਰੇ ਲਗਾਉਂਦੇ ਹੋਏ ਭੱਜੇ। ਪੁਲਿਸ ਨੇ ਕਿਸਾਨਾਂ ਨੂੰ ਨੇਤਾ ਦੀ ਕਾਰ ਦੇ ਪਿੱਛੇ ਜਾਣ ਤੋਂ ਰੋਕਿਆ।


ਉਧਰ ਮਦਨ ਮੋਹਨ ਮਿੱਤਲ ਨੇ ਕਿਸਾਨਾਂ ਦੇ ਵਿਰੋਧ 'ਤੇ ਕਿਹਾ ਕਿ ਇਹ ਕਿਸਾਨ ਨਹੀਂ, ਆਮ ਆਦਮੀ ਪਾਰਟੀ ਦੇ ਨੇਤਾ ਕਿਸਾਨ ਦੇ ਭੇਸ ਵਿੱਚ ਹਨ। ਸਾਰੇ ਲੋਕ ਬਾਹਰੋਂ ਹਨ ਤੇ ਰਾਜਨੀਤਕ ਤੌਰ 'ਤੇ ਪ੍ਰੇਰਿਤ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਝੰਡਾ ਫੜ ਕੇ ਆਮ ਆਦਮੀ ਪਾਰਟੀ ਦੇ ਲੋਕ ਦੂਜਿਆਂ ਦੇ ਪ੍ਰੋਗਰਾਮ ਨੂੰ ਵਿਗਾੜ ਰਹੇ ਹਨ। ਜੇ ਅਸੀਂ ਜਾ ਕੇ ਆਮ ਆਦਮੀ ਪਾਰਟੀ ਦੇ ਪ੍ਰੋਗਰਾਮਾਂ ਦਾ ਵਿਰੋਧ ਕਰਾਂਗੇ ਤਾਂ ਦੂਰੀ ਹੋਰ ਵਧੇਗੀ।


ਉਨ੍ਹਾਂ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਤਲਵੰਡੀ ਸਾਬੋ ਬਿਜਲੀ ਸਮਝੌਤੇ ਨੂੰ ਰੱਦ ਕਰਨ 'ਤੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪੰਜਾਬ ਸਰਕਾਰ ਸਮਝੌਤੇ ਨੂੰ ਰੱਦ ਕਰੇ ਜਾਂ ਇਸ ਨੂੰ ਜਾਰੀ ਰੱਖੇ। ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਸੀ ਕਿ ਉਹ ਪੰਜਾਬ ਦੇ ਉਦਯੋਗਾਂ ਨੂੰ ਬਿਜਲੀ ਦੇਣ, ਕਿਸਾਨਾਂ ਨੂੰ ਪੰਜਾਬ ਤੇ ਇਸ 'ਤੇ ਉਹ ਅਸਫਲ ਸਾਬਤ ਹੋਏ ਹਨ।


ਮਿੱਤਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਘੱਟ ਰੇਟ 'ਤੇ ਬਿਜਲੀ ਦੇਣ ਦੀ ਗੱਲ ਕੀਤੀ ਸੀ, ਪਰ ਹੁਣ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਚੋਣਾਂ ਦੀ ਤਿਆਰੀ ਕਰ ਰਿਹਾ ਹਾਂ। ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀਆਂ 117 ਸੀਟਾਂ 'ਤੇ ਭਾਜਪਾ ਬਹੁਤ ਜਲਦੀ ਤੁਹਾਡੇ ਸਾਹਮਣੇ ਖੜ੍ਹੀ ਹੋਏਗੀ।


ਇਹ ਵੀ ਪੜ੍ਹੋ: Raj Kundra Pornography case Update: ਰਾਜ ਕੁੰਦਰਾ ਨੇ ਕੀਤਾ ਸੀ ਮੇਰਾ ਜਿਨਸੀ ਸ਼ੋਸ਼ਣ: Sherlyn Chopra ਦਾ ਵੱਡਾ ਖੁਲਾਸਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904