Farmer Protest: ਭਾਜਪਾ ਲੀਡਰ ਦਾ ਸ਼ਰਮਨਾਕ ਬਿਆਨ, ਕਿਹਾ-ਕਿਸਾਨ ਅੰਦੋਲਨ ਦੌਰਾਨ ਗ਼ਾਇਬ ਹੋਈਆਂ 700 ਕੁੜੀਆਂ, ਇਹ ਕਿਸਾਨ ਨੇ ਜਾਂ ਕਸਾਈ ?
Farmers Protest News: ਰਾਮ ਚੰਦਰ ਜਾਂਗੜਾ (ram chandra jangra) ਨੇ ਕਿਹਾ ਕਿ ਇੱਕ ਸਾਲ ਤੱਕ ਅੰਦੋਲਨ ਚੱਲਦਾ ਰਿਹਾ, ਜਿਸ ਕਾਰਨ ਹਰਿਆਣਾ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਸੂਬੇ ਦਾ ਨੁਕਸਾਨ ਕਰਨ ਵਾਲੇ ਅੰਦੋਲਨ ਤੋਂ ਦੂਰ ਰਹਿਣਾ ਚਾਹੀਦਾ ਹੈ।
Farmer Protest: ਹਰਿਆਣਾ ਦੇ ਭਾਜਪਾ ਸੰਸਦ ਰਾਮਚੰਦਰ ਜਾਂਗੜਾ (ram chander jangra) ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਜਾਂਗੜਾ ਨੇ ਕਿਹਾ ਕਿ 2021 ਵਿੱਚ ਟਿੱਕਰੀ ਅਤੇ ਸਿੰਘੂ ਬਾਰਡਰ 'ਤੇ ਜੋ ਕਿਸਾਨ ਅੰਦੋਲਨ ਹੋਇਆ ਸੀ, ਉਸ ਨਾਲ ਹਰਿਆਣਾ ਵਿੱਚ ਨਸ਼ਾ ਆ ਗਿਆ ਹੈ। ਇਸ ਦੇ ਨਾਲ ਹੀ ਕਿਹਾ ਕਿ ਉਸ ਸਮੇਂ ਦੋਵਾਂ ਸਰਹੱਦਾਂ ਦੇ ਨੇੜੇ ਪਿੰਡਾਂ ਵਿੱਚੋਂ 700 ਲੜਕੀਆਂ ਲਾਪਤਾ ਹੋ ਗਈਆਂ ਸਨ।
ਪੰਜਾਬੀਆਂ ਨੇ ਹਰਿਆਣਾ ਦੇ ਲੋਕਾਂ ਨੂੰ ਕੀਤਾ ਨਸ਼ੇੜੀ !
ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਇੱਕ ਸਾਲ ਤੱਕ ਅੰਦੋਲਨ ਚੱਲਦਾ ਰਿਹਾ, ਜਿਸ ਕਾਰਨ ਹਰਿਆਣਾ ਨੂੰ ਨੁਕਸਾਨ ਹੋਇਆ ਹੈ। ਇਹ ਹਰਿਆਣਾ ਦੀ ਭਾਈਚਾਰਕ ਸਾਂਝ ਨੂੰ ਖ਼ਤਮ ਕਰਨਾ ਚਾਹੁੰਦੇ ਹਨ। 2021 ਤੋਂ ਪਹਿਲਾਂ ਹਰਿਆਣਾ ਵਿੱਚ ਦੋ ਹੀ ਨਸ਼ੇ ਸੀ ਜਾਂ ਸ਼ਰਾਬ ਦਾ ਜਾਂ ਸਿਰਗਟ ਦਾ, ਇਸ ਤੋਂ ਬਾਅਦ ਹੁਣ ਚਿੱਟਾ, ਅਫੀਮ ਤੇ ਹੋਰ ਕਈ ਤਰ੍ਹਾਂ ਦੇ ਨਸ਼ਿਆਂ ਨਾਲ ਹਰਿਆਣਾ ਦੇ ਨੌਜਵਾਨ ਮਰ ਰਹੇ ਹਨ। ਇਹ ਸਾਰਾ ਨਸ਼ਾ ਪੰਜਾਬ ਦੇ ਨਸ਼ੇੜੀ ਇੱਥੇ ਲੈ ਕੇ ਆਏ।
ਅੰਦੋਲਨ ਦੌਰਾਨ 700 ਕੁੜੀਆਂ ਹੋਈਆਂ ਗ਼ਾਇਬ
ਭਾਜਪਾ ਲੀਡਰ ਨੇ ਕਿਹਾ ਕਿ ਜਿਹੜੀਆਂ ਸਰਹੱਦਾਂ ਉੱਤੇ ਧਰਨਾ ਚਲਦਾ ਸੀ ਉੱਥੋਂ ਦੇ ਆਸ ਪਾਸ ਦੇ ਪਿੰਡਾਂ ਦੀਆਂ 700 ਕੁੜੀਆਂ ਗ਼ਾਇਬ ਹੋ ਗਈਆਂ, ਇਸ ਬਾਰੇ ਕਿਸੇ ਨੂੰ ਪਤਾ ਨਹੀਂ। ਇਸ ਤੋਂ ਇਲਾਵਾ ਬੈਰੀਕੇਡ ਉੱਤੇ ਲਾਸ਼ ਟੰਗ ਦਿੱਤੀ ਗਈ। ਇਹ ਕਿਸਾਨ ਹਨ ਜਾਂ ਕਸਾਈ ?
ਟਿਕੈਤ ਤੇ ਚੜੂਨੀ ਨੂੰ ਵੀ ਘੇਰਿਆ
ਕਿਸਾਨ ਆਗੂ ਰਾਕੇਸ਼ ਟਿਕੈਤ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ, "ਉਹ ਦੋ ਵਾਰ ਚੋਣ ਲੜੇ ਅਤੇ ਹਾਰ ਗਏ। ਗੁਰਨਾਮ ਚੜੂਨੀ ਨੇ ਵੀ ਚੋਣ ਲੜੀ ਉਸ ਦੀ ਵੀ ਜ਼ਮਾਨਤ ਜ਼ਬਤ ਹੋ ਗਈ। ਇਨ੍ਹਾਂ ਦੀ ਹੈਸੀਅਤ ਕੀ ਹੈ। ਕਿਸਾਨ ਅੰਦੋਲਨ ਦੌਰਾਨ ਫੈਕਟਰੀਆਂ ਬੰਦ ਹੋ ਗਈਆਂ। ਇਸ ਦਾ ਨੁਕਸਾਨ ਹਰਿਆਣਾ ਨੂੰ ਹੋਇਆ ਹੈ।
14 ਦਸੰਬਰ ਨੂੰ ਦਿੱਲੀ ਕੂਚ ਕਰੇਗਾ ਕਿਸਾਨਾਂ ਦਾ ਜੱਥਾ
ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਆਪਣੀਆਂ ਮੰਗਾਂ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ। ਸ਼ੰਭੂ ਬਾਰਡਰ ਦੇ ਕਿਸਾਨਾਂ ਦਾ ਪ੍ਰਦਰਸ਼ਨ ਪਹਿਲਾਂ ਵਾਂਗ ਜਾਰੀ ਹੈ। ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਆਪਣੀ ਭਵਿੱਖੀ ਰਣਨੀਤੀ ਬਾਰੇ ਦੱਸਿਆ ਕਿ ਕਿਸਾਨਾਂ ਦਾ ਇੱਕ ਜਥਾ 14 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰੇਗਾ।