ਅੱਜ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਜਲੰਧਰ 'ਚ ਰੈਲੀ, ਨਸ਼ਾ ਮੁਕਤ ਯਾਤਰਾਵਾਂ ਦੀ ਹੋਵੇਗੀ ਸਮਾਪਤੀ; BJP ਕਰ ਸਕਦੀ ਵੱਡਾ ਐਲਾਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਲੰਧਰ-ਲੁਧਿਆਣਾ ਹਾਈਵੇਅ ਦੇ ਨਾਲ ਲੱਗਦੇ ਪਰਾਗਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ, ਜਿਸ ਵਿੱਚ ਦੋਆਬਾ ਦੀਆਂ 23 ਵਿਧਾਨ ਸਭਾ ਸੀਟਾਂ ਨੂੰ ਸਾਧਿਆ ਜਾਵੇਗਾ।

Punjab News: ਭਾਜਪਾ ਅੱਜ (30 ਸਤੰਬਰ) ਪੰਜਾਬ ਵਿੱਚ ਮਿਸ਼ਨ 2027 ਦੀ ਸ਼ੁਰੂਆਤ ਕਰੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਲੰਧਰ-ਲੁਧਿਆਣਾ ਹਾਈਵੇਅ ਦੇ ਨਾਲ ਲੱਗਦੇ ਪਰਾਗਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ, ਜਿਸ ਵਿੱਚ ਦੋਆਬਾ ਦੀਆਂ 23 ਵਿਧਾਨ ਸਭਾ ਸੀਟਾਂ ਨੂੰ ਸਾਧਿਆ ਜਾਵੇਗਾ।
ਇਸ ਰੈਲੀ ਵਿੱਚ ਭਾਜਪਾ ਵਲੋਂ ਆਯੋਜਿਤ ਚਾਰ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਦੀ ਸਮਾਪਤੀ ਕੀਤੀ ਜਾਵੇਗੀ। ਅਮਿਤ ਸ਼ਾਹ ਦੁਪਹਿਰ 12:30 ਵਜੇ ਦੇ ਕਰੀਬ ਸ਼੍ਰੀ ਦੇਵੀ ਤਲਾਬ ਮੰਦਰ ਪਹੁੰਚਣਗੇ। ਉਹ ਉੱਥੇ ਅੱਧਾ ਘੰਟਾ ਬਿਤਾਉਣਗੇ ਅਤੇ ਸੰਤ ਸਮਾਜ ਨਾਲ ਮੁਲਾਕਾਤ ਕਰਨਗੇ। ਫਿਰ ਉਹ ਰੈਲੀ ਵਾਲੀ ਥਾਂ 'ਤੇ ਜਾਣਗੇ ਅਤੇ ਫਿਰ ਸਿੱਧੇ ਹੈਲੀਕਾਪਟਰ ਰਾਹੀਂ ਦਿੱਲੀ ਜਾਣਗੇ।
ਜਲੰਧਰ ਪੱਛਮੀ ਤੋਂ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਪੰਡਾਲ 35 ਏਕੜ ਵਿੱਚ ਬਣਾਇਆ ਗਿਆ ਹੈ। ਉੱਥੇ ਲਗਭਗ 25,000 ਕੁਰਸੀਆਂ ਲਗਾਈਆਂ ਗਈਆਂ ਹਨ। ਜਲੰਧਰ ਉੱਤਰੀ ਤੋਂ ਸਾਬਕਾ ਵਿਧਾਇਕ ਅਤੇ ਭਾਜਪਾ ਨੇਤਾ ਕੇ.ਡੀ. ਭੰਡਾਰੀ ਨੇ ਦੱਸਿਆ ਕਿ ਅਮਿਤ ਸ਼ਾਹ ਦੇ ਦੌਰੇ ਨਾਲ ਭਾਜਪਾ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਚਰਚਾ ਹੈ ਕਿ ਸ਼ਾਹ 2027 ਦੀਆਂ ਚੋਣਾਂ ਨੂੰ ਲੈ ਕੇ ਕੋਈ ਵੱਡਾ ਐਲਾਨ ਕਰ ਸਕਦੇ ਹਨ।
ਗ੍ਰਹਿ ਮੰਤਰੀ ਦੇ ਆਉਣ ਤੋਂ ਪਹਿਲਾਂ, ਦੇਵੀ ਤਲਾਬ ਮੰਦਿਰ ਦੇ ਨੇੜੇ ਲਾਭੂ ਰਾਮ ਦੋਆਬਾ ਸਕੂਲ ਦੇ ਮੈਦਾਨ ਵਿੱਚ ਇੱਕ ਹੈਲੀਪੈਡ ਬਣਾਇਆ ਗਿਆ ਹੈ ਅਤੇ ਰੈਲੀ ਵਾਲੀ ਥਾਂ ਤੋਂ ਥੋੜ੍ਹੀ ਦੂਰੀ 'ਤੇ ਇੱਕ ਹੋਰ ਹੈਲੀਪੈਡ ਬਣਾਇਆ ਗਿਆ ਹੈ। ਭਾਜਪਾ ਨੇਤਾ ਕੇਡੀ ਭੰਡਾਰੀ ਨੇ ਕਿਹਾ ਕਿ ਅਮਿਤ ਸ਼ਾਹ ਦੀ ਇਹ ਫੇਰੀ ਭਾਜਪਾ ਵਿੱਚ ਜਾਨ ਪਾ ਦੇਵੇਗੀ।
ਗ੍ਰਹਿ ਮੰਤਰੀ ਪਹਿਲਾਂ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮਾਂ ਤ੍ਰਿਪੁਲ ਮਾਲਿਨੀ ਮੰਦਰ ਵਿੱਚ ਮੱਥਾ ਟੇਕਣਗੇ ਅਤੇ ਦੇਵੀ ਮਾਂ ਦਾ ਆਸ਼ੀਰਵਾਦ ਲੈਕੇ ਰੈਲੀ ਵਾਲੀ ਥਾਂ 'ਤੇ ਜਾਣਗੇ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ 30 ਸਤੰਬਰ ਨੂੰ ਹੋਣ ਵਾਲੀ ਮੈਗਾ ਰੈਲੀ ਨੂੰ ਸਿਰਫ਼ ਇੱਕ ਰਾਜਨੀਤਿਕ ਸਮਾਗਮ ਦੀ ਬਜਾਏ, ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਇੱਕ ਵੱਡੀ ਮੁਹਿੰਮ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ।
ਨਸ਼ਾ ਮੁਕਤ ਯਾਤਰਾ ਜਲੰਧਰ ਵਿੱਚ ਹੋਵੇਗੀ ਸਮਾਪਤ
ਗ੍ਰਹਿ ਮੰਤਰੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਭਾਜਪਾ ਵੱਲੋਂ ਆਯੋਜਿਤ ਨਸ਼ਾ ਮੁਕਤ ਪੰਜਾਬ ਯਾਤਰਾ ਜਲੰਧਰ ਵਿੱਚ ਸਮਾਪਤ ਹੋਵੇਗੀ। ਪੰਜਾਬ ਵਿੱਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 18 ਸਤੰਬਰ, 2026 ਨੂੰ ਪਠਾਨਕੋਟ ਜ਼ਿਲ੍ਹੇ ਦੇ ਮਾਧੋਪੁਰ ਤੋਂ ਸ਼ੁਰੂ ਹੋਈ ਸੀ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਯਾਤਰਾ ਨੇ ਲਗਭਗ 4,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਅਤੇ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕੀਤਾ।
ਟ੍ਰੈਂਡਿੰਗ ਟੌਪਿਕ

















