ਬਰਨਾਲਾ : ਕੌਮਾਂਤਰੀ ਇਸਤਰੀ ਦਿਵਸ ਮੌਕੇ ਭਾਕਿਯੂ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਵੱਲੋਂ ਨੇੜਲੇ ਪਿੰਡ ਅਮਲਾ ਸਿੰਘ ਵਾਲਾ ਵਿਖੇ ਕਨਵੈਨਸ਼ਨ ਅਮਰਜੀਤ ਕੌਰ, ਪਰੇਮਪਾਲ ਕੌਰ ਅਤੇ ਸਿਮਰਜੀਤ ਕੌਰ ਦੀ ਪੑਧਾਨਗੀ ਹੇਠ ਕਰਵਾਈ ਗਈ। ਇਸ ਕਨਵੈਨਸ਼ਨ ਵਿੱਚ ਪਿੰਡਾਂ ਦੀਆਂ ਸੈਂਕੜੇ ਔਰਤਾਂ ਨੇ ਪੂਰੇ ਇਨਕਲਾਬੀ ਜੋਸ਼ ਨਾਲ ਭਾਗ ਲਿਆ। ਇਸ ਕਨਵੈਨਸ਼ਨ ਦੇ ਇਤਿਹਾਸਕ ਪੱਖ ਬਾਰੇ ਵਿਚਾਰ ਅਮਰਜੀਤ ਕੌਰ ਨੇ ਰੱਖਦਿਆਂ ਕਿਹਾ ਕਿ 1908 ਕੋਪਨਹੈਗਨ ਵਿੱਚ ਕੌਮਾਂਤਰੀ ਪੱਧਰ ਤੇ ਕਲਾਰਾ ਜੈਟਕਿਨ ਅਤੇ ਰੋਜ਼ਾ ਲਕਜਮਬਰਗ ਦੀ ਅਗਵਾਈ ਹੇਠ ਔਰਤ ਜਥੇਬੰਦੀ ਦੇ ਸੰਸਾਰ ਪੱਧਰ 'ਤੇ ਜਰੂਰਤ ਬਾਰੇ ਵਿਚਾਰ ਚਰਚਾ ਦੌਰਾਨ ਸਾਹਮਣੇ ਲਿਆਂਦਾ ਸੀ। 

 

ਆਪਣੀ ਗੱਲ ਨੂੰ ਜਾਰੀ ਰੱਖਦਿਆਂ ਅਮਰਜੀਤ ਕੌਰ ਨੇ ਭਾਰਤ ਅੰਦਰਲੀ ਔਰਤਾਂ ਦੀ ਹਾਲਤ ਬਾਰੇ ਗੱਲ ਜਾਰੀ ਰੱਖਦਿਆਂ ਕਿਹਾ ਕਿ ਭਾਰਤੀ ਹਾਕਮਾਂ ਵੱਲੋਂ ਦੇਸ਼ ਅੰਦਰ ਜਮਹੂਰੀਅਤ ਅਤੇ ਆਜ਼ਾਦੀ ਦਾ ਗੁਣਗਾਨ ਕਰਨ ਦੇ ਬਾਵਜੂਦ ਔਰਤਾਂ ਦੀ ਆਜ਼ਾਦੀ ਅਤੇ ਉਸ ਦੇ ਜਮਹੂਰੀ ਹੱਕਾਂ ਪੱਖੋਂ ਹਾਲਾਤ ਬੇਹੱਦ ਬੁਰੀ ਹੈ। ਕੌਮਾਂਤਰੀ ਸੰਸਥਾਵਾਂ ਦੀਆਂ ਰਿਪੋਰਟਾਂ ਮੁਤਾਬਕ ਭਾਰਤ ਅੰਦਰ ਔਰਤਾਂ ਦੀ ਹਾਲਾਤ ਉਨ੍ਹਾਂ 16 ਦੇਸ਼ਾਂ ਦੇ ਸਮਾਨ ਹੈ, ਜਿੱਥੇ ਦੁਨੀਆਂ ਵਿੱਚੋਂ ਔਰਤਾਂ ਦੇ ਮਾਮਲੇ ਵਿੱਚ ਸਭ ਤੋਂ ਵੱਧ ਗੈਰਬਰਾਬਰੀ ਹੈ। ਦੇਸ਼ ਦੇ ਹਾਕਮਾਂ ਵੱਲੋਂ ਪਾਰਲੀਮੈਂਟ ਅਤੇ ਰਾਜ ਵਿਧਾਨ ਸਭਾਵਾਂ ਵਿੱਚ 33% ਹਿੱਸੇਦਾਰੀ ਦੇਣ ਦੀਆਂ ਗੱਲਾਂ ਕਾਗਜੀ ਸਿੰਗਾਰ ਹਨ, ਜਦੋਂ ਕਿ ਹੇਠਲੇ ਪੱਧਰ ਦੀਆਂ ਪੰਚਾਇਤਾਂ ਅਤੇ ਹੋਰ ਪੰਚਾਇਤੀ ਅਦਾਰਿਆਂ ਵਿੱਚ ਵੀ ਔਰਤਾਂ ਦੇ ਨਾਂ'ਤੇ ਮਰਦਾਂ ਵੱਲੋਂ ਹੀ ਇਨ੍ਹਾਂ ਅਦਾਰਿਆਂ ਅੰਦਰ ਚੌਧਰ ਕੀਤੀ ਜਾਂਦੀ ਹੈ। 

 

ਦੇਸ਼ ਦੀ ਨਿਆਂਪਾਲਿਕਾ ਅਤੇ ਉੱਚ ਪੱਧਰ ਦੇ ਪੑਬੰਧਕੀ ਅਦਾਰਿਆਂ ਵਿੱਚ ਹੀ ਔਰਤਾਂ ਦੀ ਨਾਮਾਤਰ ਭਾਗੀਦਾਰੀ ਹੈ। ਔਰਤਾਂ ਨੂੰ ਮਰਦਾਂ ਦੇ ਬਰਾਬਰ ਕੰਮ ਕਰਨ ਤੇ ਬਰਾਬਰ ਮਜਦੂਰੀ ਅਤੇ ਤਨਖਾਹ ਨਹੀਂ ਮਿਲਦੀ। ਉਨ੍ਹਾਂ ਮੰਗ ਕੀਤੀ ਕਿ ਔਰਤਾਂ ਨੂੰ ਮਰਦਾਂ ਬਰਾਬਰ ਕੰਮ ਲਈ ਬਰਾਬਰ ਦੀ ਤਨਖਾਹ ਦਿੱਤੀ ਜਾਵੇ ਅਤੇ ਇਸ ਸਬੰਧੀ ਵਿਤਕਰੇਬਾਜ਼ੀ ਬੰਦ ਕੀਤੀ ਜਾਵੇ। ਔਰਤ ਆਗੂ ਪਰੇਮਪਾਲ ਕੌਰ ਨੇ ਕਿਹਾ ਕਿ ਭਾਰਤੀ ਸਮਾਜ ਅੰਦਰ ਵੱਡੀ ਪੱਧਰ ਤੇ ਮਾਦਾ ਭਰੂਣਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਜਿਸ ਨਾਲ ਲੜਕੇ ਅਤੇ ਲੜਕੀਆਂ ਦੇ ਅਨੁਪਾਤ ਵਿੱਚ ਪਾੜਾ ਪੈਦਾ ਹੋ ਰਿਹਾ ਹੈ। ਇਹ ਪਾੜਾ ਔਰਤਾਂ ਨਾਲ ਛੇੜਛਾੜ, ਧੱਕੇਸ਼ਾਹੀ, ਜਬਰਜਿਨਾਹ ਅਤੇ ਕਤਲ ਵਰਗੀਆਂ ਘਟਨਾਵਾਂ ਦਾ ਜਿੰਮੇਵਾਰ ਬਣਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮਾਦਾ ਭਰੂਣ ਹੱਤਿਆ 'ਤੇ ਸਖ਼ਤੀ ਨਾਲ ਰੋਕ ਲਾਈ ਜਾਵੇ ਅਤੇ ਸਮਾਜ ਅੰਦਰ ਮਰਦ ਪ੍ਰਧਾਨ ਕਦਰਾਂ ਕੀਮਤਾਂ ਦੇ ਖਿਲਾਫ਼ ਔਰਤ ਮਰਦ ਅੰਦਰ ਲਿੰਗ ਬਰਾਬਰੀ ਸਿਹਤਮੰਦ ਵਾਤਾਵਰਣ ਪੈਦਾ ਕੀਤਾ ਜਾਵੇ।

 

ਔਰਤ ਆਗੂ ਕੰਵਲਜੀਤ ਕੌਰ ਨੇ ਕਿਹਾ ਕਿ ਕਰਨਾਟਕਾ ਅੰਦਰ ਭਾਜਪਾ ਸਰਕਾਰ ਵੱਲੋਂ ਆਰਐਸਐਸ ਦੇ ਇਸ਼ਾਰੇ ਉੱਤੇ ਮੁਸਲਮਾਨ ਲੜਕੀਆਂ ਨੂੰ ਹਿਜਾਬ ਪਹਿਨਣ ਅਤੇ ਸਿੱਖ ਲੜਕੀਆਂ ਨੂੰ ਦੁਮਾਲਾ ਬੰਨਣ 'ਤੇ ਪਾਬੰਦੀਆਂ ਲਾਈਆਂ ਗਈਆਂ ਹਨ। ਆਗੂਆਂ ਨੇ ਕਰਨਾਟਕਾ ਅੰਦਰ ਲਾਈਆਂ ਪਾਬੰਦੀਆਂ ਦਾ ਸਖਤ ਨੋਟਿਸ ਲੈਣ ਅਤੇ ਇਨ੍ਹਾਂ ਦਾ ਸਖ਼ਤ ਵਿਰੋਧ ਕਰਨ ਦਾ ਸੱਦਾ ਦਿੱਤਾ। ਇਸ ਕਨਵੈਨਸ਼ਨ ਨੂੰ ਭਰਾਤਰੀ ਬੁਲਾਰੇ ਵਜੋਂ ਇਨਕਲਾਬੀ ਕੇਂਦਰ ਪੰਜਾਬ ਦੇ ਪੑਧਾਨ ਨਰਾਇਣ ਦੱਤ ਨੇ ਸੰਖੇਪ ਸੰਬੋਧਨ ਵਿੱਚ ਕਿਹਾ ਕਿ ਯੂਕਰੇਨ ਨੂੰ ਸਾਮਰਾਜੀ ਖਹਿਭੇੜ ਦਾ ਸ਼ਿਕਾਰ ਬਣਾਕੇ ਹਜਾਰਾਂ ਲੱਖਾਂ ਨੂੰ ਉਜਾੜਿਆ ਜਾ ਰਿਹਾ ਹੈ। ਇਹ ਜੰਗ ਆਮ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਅਤੇ ਸਾਮਰਾਜੀਆਂ ਦੇ ਮੁਨਾਫ਼ਾ ਖੋਰ ਹਿੱਤਾਂ ਦੇ ਵਧਾਰੇ ਲਈ ਹੈ।