ਅੰਮ੍ਰਿਤਸਰ : 20 ਫਰਵਰੀ 2022 ਨੂੰ ਪਈਆਂ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਣ ਜਾ ਰਹੀ ਹੈ ਅਤੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਅੱਜ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਿਲ੍ਹੇ ਦੀਆਂ 11 ਵਿਧਾਨ ਸਭਾ ਹਲਕਿਆਂ ਵਿੱਚ 20 ਫਰਵਰੀ ਨੂੰ 1304178 ਲੋਕਾਂ ਵੱਲੋਂ ਵੋਟ ਪਾਈ ਗਈ ਸੀ, ਜੋ ਕੁੱਲ ਵੋਟਾਂ ਦਾ  65.87 ਪ੍ਰਤੀਸ਼ਤ ਬਣਦਾ ਹੈ। ਦੀ ਗਿਣਤੀ 10 ਮਾਰਚ ਨੂੰ ਵੱਖ -ਵੱਖ ਥਾਵਾਂ 'ਤੇ ਬਣਾਏ ਗਏ ਗਿਣਤੀ ਕੇਂਦਰਾਂ 'ਤੇ ਹੋਵੇਗੀ।

 
ਖਹਿਰਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਅਜਨਾਲਾ ਦੇ ਵੋਟਾਂ ਦੀ ਗਿਣਤੀ ਸਰਕਾਰੀ ਕਾਲਜ ਅਜਨਾਲਾ, ਰਾਜਾਸਾਂਸੀ ਹਲਕੇ ਦੇ ਵੋਟਾਂ ਦੀ ਗਿਣਤੀ ਸਰਕਾਰੀ ਨਰਸਿੰਗ ਕਾਲਜ ਲੜਕੀਆਂ, ਮੈਡੀਕਲ ਇਨਕਲੇਵ, ਮਜੀਠਾ ਹਲਕੇ ਦੇ ਵੋਟਾਂ ਦੀ ਗਿਣਤੀ ਮਾਈ ਭਾਗੋ ਸਰਕਾਰੀ ਪੌਲੀਟੈਕਨਿਕ ਕਾਲਜ ਲੜਕੀਆਂ ਮਜੀਠਾ ਰੋਡ, ਹਲਕਾ ਜੰਡਿਆਲਾ ਦੇ ਵੋਟਾਂ ਦੀ ਗਿਣਤੀ ਸੀਨੀਅਰ ਸੈਕੰਡਰੀ ਰੈਜੀਡੈਂਸ਼ੀਅਲ ਮੈਰੀਟੋਰੀਅਸ ਸਕੂਲ, ਹਲਕਾ ਅੰਮ੍ਰਿਤਸਰ ਉੱਤਰੀ ਦੇ ਵੋਟਾਂ ਦੀ ਗਿਣਤੀ ਸਰਕਾਰੀ ਇੰਸਟੀਚਿਊਟ ਆਫ ਗਾਰਮੈਂਟ ਟੈਕਨੌਲਜੀ, ਇੰਨਸਾਈਡ ਮਾਈ ਭਾਗੋ ਸਰਕਾਰੀ ਪੌਲੀਟੈਕਨਿਕ ਕਾਲਜ ਲੜਕੀਆਂ, ਮਜੀਠਾ ਰੋਡ ਬਾਈਪਾਸ, ਹਲਕਾ ਅੰਮ੍ਰਿਤਸਰ ਪੱਛਮੀ ਦੇ ਵੋਟਾਂ ਦੀ ਗਿਣਤੀ ਸਰਕਾਰੀ ਪੌਲੀਟੈਕਨਿਕ ਕਾਲਜ, ਜੀ.ਡੀ. ਰੋਡ, ਛੇਹਰਟਾ, ਹਲਕਾ ਅੰਮ੍ਰਿਤਸਰ ਕੇਂਦਰੀ ਦੇ ਵੋਟਾਂ ਦੀ ਗਿਣਤੀ ਸਰਕਾਰੀ ਇੰਡਸਟਰੀਅਲ ਟਰੇਨਿੰਗ ਇੰਸਟੀਚਿਊਟ, ਬੀ-ਬਲਾਕ, ਰਣਜੀਤ ਐਵੀਨਿਊ, ਹਲਕਾ ਅੰਮ੍ਰਿਤਸਰ ਪੂਰਬੀ ਦੇ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਟਾਊਨ ਹਾਲ, ਹਲਕਾ ਅੰਮ੍ਰਿਤਸਰ ਦੱਖਣੀ ਦੇ ਵੋਟਾਂ ਦੀ ਗਿਣਤੀ ਮਲਟੀ ਸਕਿੱਲ ਡਿਵੇਲਪਮੈਂਟ ਸੈਂਟਰ, ਕਬੀਰ ਪਾਰਕ, ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਟਾਰੀ ਹਲਕੇ ਦੇ ਵੋਟਾਂ ਦੀ ਗਿਣਤੀ ਖਾਲਸਾ ਕਾਲਜ, ਸੀਨੀਅਰ ਸੈਕੰਡਰੀ ਸਕੂਲ ਲੜਕੇ, ਬਾਬਾ ਬਕਾਲਾ ਹਲਕੇ ਦੇ ਵੋਟਾਂ ਦੀ ਗਿਣਤੀ ਸ੍ਰੀ ਮਾਤਾ ਗੰਗਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਵਿਖੇ ਹੋਵੇਗੀ।


ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਸਵੇਰੇ 8:00 ਵਜੇ ਸ਼ੁਰੂ ਹੋਵੇਗੀ ਅਤੇ ਸਭ ਤੋਂ ਪਹਿਲਾਂ ਪੋਸਟਲ ਬੈਲੇਟ ਵੋਟਾਂ ਦੀ ਗਿਣਤੀ ਹੋਵੇਗੀ। ਉਨਾਂ ਦੱਸਿਆ ਕਿ ਕੋਵਿਡ ਦੇ ਹਦਾਇਤਾਂ ਅਨੁਸਾਰ ਹਰੇਕ ਗਿਣਤੀ ਕੇਂਦਰ ਵਿੱਚ ਦੋ ਹਾਲ ਬਣਾਏ ਗਏ ਹਨ। ਜਿਥੇ 7-7 ਟੇਬਲ ਲਗਾਏ ਜਾਣਗੇ ਅਤੇ 14 ਰਾਊਂਡਾਂ ਵਿਚ ਵੋਟਾਂ ਦੀ ਗਿਣਤੀ ਨੂੰ ਮੁਕੰਮਲ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪੋਲਿੰਗ ਸਟਾਫ਼, 80 ਤੋਂ ਵਧੇਰੇ ਉਮਰ ਵਾਲੇ ਵਿਅਕਤੀ ਅਤੇ ਪੀ.ਡਬਲਯੂ.ਡੀ. ਦੇ ਕੁੱਲ 3414 ਵੋਟ ਅਤੇ ਈ.ਟੀ.ਪੀ.ਬੀ.ਐਸ. ਰਾਹੀਂ 2869 ਵੋਟ ਪ੍ਰਾਪਤ ਹੋਏ ਹਨ।

 

ਉਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੂੰ ਸਹੀਂ ਢੰਗ ਨਾਲ ਨੇਪਰੇ ਚਾੜ੍ਹਨ ਲਈ ਹਰੇਕ ਰਿਟਰਨਿੰਗ ਅਫ਼ਸਰ ਨਾਲ 5 ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ।  ਉਨਾਂ ਦੱਸਿਆ ਕਿ ਪ੍ਰੈਸ ਪੱਤਰਕਾਰਾਂ ਦੀ ਸਹੂਲਤ ਲਈ ਹਰੇਕ ਗਿਣਤੀ ਕੇਂਦਰ ਦੇ ਬਾਹਰ ਇਕ ਮੀਡੀਆ ਸੈਂਟਰ ਵੀ ਬਣਾਇਆ ਗਿਆ ਹੈ। ਉਨਾਂ ਦੱਸਿਆ ਕਿ ਗਿਣਤੀ ਕੇਂਦਰ ਅੰਦਰ ਮੋਬਾਇਲ ਫੋਨ ਲੈ ਕੇ ਜਾਣ ਦੀ ਸਖ਼ਤ ਮਨਾਹੀ ਹੋਵੇਗੀ। ਸ: ਖਹਿਰਾ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਮੁੱਖ ਰਖਦਿਆਂ 10 ਮਾਰਚ ਨੂੰ ਡਰਾਈ ਡੇ ਘੋਸ਼ਿਤ ਕੀਤਾ ਗਿਆ ਹੈ। ਇਸ ਦੌਰਾਨ ਕਿਸੇ ਵੀ ਪ੍ਰਕਾਰ ਦੇ ਨਸ਼ੀਲੇ ਪਦਾਰਥ ਵੇਚਣ, ਸ਼ਰਾਬ ਸਟੋਰ ਕਰਨ ਅਤੇ ਵੇਚਣ ਤੇ ਪੂਰਨ ਰੋਕ ਰਹੇਗੀ ਅਤੇ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਦੇ ਹਾਤਿਆਂ ਜਿਥੇ ਸ਼ਰਾਬ ਪੀਣ ਅਤੇ ਕਾਨੂੰਨੀ ਇਜਾਜਤ ਹੈ ’ਤੇ ਵੀ ਪੂਰਨ ਤੌਰ ਤੇ ਪਾਬੰਦੀ ਰਹੇਗੀ।ਇਸ ਮੌਕੇ ਜਿਲ੍ਹਾ ਮਾਲ ਅਫ਼ਸਰ ਅਰਵਿੰਦਰ ਸਿੰਘ, ਚੋਣ ਤਹਿਸੀਲਦਾਰ ਸ: ਰਜਿੰਦਰ ਸਿੰਘ ਅਤੇ ਹੋਰ ਵੀ ਅਧਿਕਾਰੀ ਹਾਜ਼ਰ ਸਨ।