Blogger Bhana Sidhu Case Update: ਬਲੌਗਰ ਭਾਨਾ ਸਿੱਧੂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਭਾਨਾ ਸਿੱਧੂ ਖ਼ਿਲਾਫ਼ ਮੁਹਾਲੀ ਦੇ ਫੇਜ਼ 1 ਥਾਣੇ ’ਚ ਵੱਖ ਵੱਖ ਧਾਰਾਵਾਂ ਤਹਿਤ ਚੌਥਾ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਪੰਜਾਬ ਪੁਲਿਸ ਨੇ ਭਾਨਾ ਸਿੱਧੂ ਦਾ ਭਰਾ ਵੀ ਰਗੜ ਦਿੱਤਾ ਹੈ। ਪੁਲਿਸ ਨੇ ਭਾਨਾ ਸਿੱਧੂ ਦੇ ਭਰਾ ਖਿਲਾਫ਼ ਵੀ ਪਰਚਾ ਦਰਜ ਕਰ ਦਿੱਤਾ ਹੈ। ਜਿਸ ਦੀ ਕਾਂਗਰਸ ਨੇ ਨਿਖੇਧੀ ਕੀਤੀ ਹੈ।
ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ 'ਤੇ ਸਵਾਲ ਖੜ੍ਹੇ ਕਰਦੇ ਹੋਏ ਟਵੀਟ ਕਰਕੇ ਕਿਹਾ ਕਿ - ਅੱਜ ਕੱਲ੍ਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਬੋਲਣ ਵਾਲਿਆਂ ਉੱਪਰ ਇੱਕ ਤੋਂ ਬਾਅਦ ਇੱਕ ਪਰਚਾ ਕਰਨਾ ਆਮ ਜਿਹੀ ਗੱਲ ਹੋ ਗਈ ਹੈ। ਮੈਂ ਹਮੇਸ਼ਾ ਕੰਨੂਨ ਵਿੱਚ ਵਿਸ਼ਵਾਸ ਰੱਖਦਾ ਹਾਂ ਅਤੇ ਧੱਕਾ ਚਾਹੇ ਕਿਸੇ ਨਾਲ ਵੀ ਹੋਵੇ ਮੈਂ ਉਸ ਧੱਕੇ ਦੇ ਖਿਲਾਫ ਹਾਂ। ਇਸ ਤਰਾਂ ਭਾਨਾ ਸਿੱਧੂ ਉੱਪਰ ਇੱਕ ਤੋਂ ਬਾਅਦ ਇੱਕ ਪਰਚਾ ਪਾਉਣਾ ਅਤੇ ਹੁਣ ਉਸ ਦੇ ਭਰਾ ਤੇ ਵੀ ਪਰਚਾ ਪਾ ਦੇਣਾ ਲੋਕਤੰਤਰ ਦਾ ਘਾਣ ਹੈ ਅਤੇ ਸਰਾਸਰ ਧੱਕਾ ਹੈ ।
ਭਗਵੰਤ ਮਾਨ ਜੀ ਤੁਸੀਂ ਸਰਕਾਰ ਬਦਲਾਅ ਅਤੇ ਵਿਕਾਸ ਦੇ ਨਾਮ ਤੇ ਲੈਕੇ ਆਏ ਸੀ ਪਰ ਹੁਣ ਸਭ ਕੁੱਝ ਉਲਟਾ ਹੋ ਰਿਹਾ ਹੈ ਜਦੋਂ ਜਦੋਂ ਕਿਸੇ ਵੀ ਵਿਅਕਤੀ ਨਾਲ ਧੱਕਾ ਜਾਂ ਉਸ ਦੀ ਅਵਾਜ ਦਬਾਉਣ ਦੀ ਕੋਸ਼ਿਸ਼ ਹੋਵੇਗੀ ਤਾਂ ਪੰਜਾਬ ਉੱਠ ਖੜ੍ਹਾ ਹੋਵੇਗਾ ਅਤੇ ਸੱਚ ਦੀ ਲੜਾਈ ਲੜੇਗਾ।
ਭਾਨਾ ਸਿੱਧੂ ਖ਼ਿਲਾਫ਼ ਮੁਹਾਲੀ ਦੇ ਫੇਜ਼ 1 ਥਾਣੇ ’ਚ ਵੱਖ ਵੱਖ ਧਾਰਾਵਾਂ ਤਹਿਤ ਚੌਥਾ ਕੇਸ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਪਹਿਲਾਂ ਹੀ ਹਿਰਾਸਤ ’ਚ ਰੱਖੇ ਭਾਨਾ ਸਿੱਧੂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਪਟਿਆਲਾ ਤੋਂ ਮੁਹਾਲੀ ਲੈ ਗਈ, ਜਿੱਥੇ ਉਸਨੂੰ ਮੁਹਾਲੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਭਾਨਾ ਸਿੱਧੂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਦੱਸ ਦੇਈਏ ਕਿ ਮੁਹਾਲੀ ਦੀ ਇੱਕ ਇਮੀਗੇ੍ਰਸ਼ਨ ਕੰਪਨੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਿਸ ’ਚ ਕੰਪਨੀ ਦੇ ਮਾਲਕ ਨੇ ਭਾਨਾ ਸਿੱਧੂ ’ਤੇ ਲੰਬੇ ਸਮੇਂ ਤੋਂ ਬਲੈਕਮੇਲ ਕਰਨ ਦੇ ਦੋਸ਼ ਲਗਾਏ ਸਨ। ਇਸੇ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਫੇਜ਼ 1 ਦੀ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਹੈ।