ਫਾਜ਼ਿਲਕਾ : ਫ਼ਾਜ਼ਿਲਕਾ ਵਿੱਚ ਪਿਛਲੇ ਪੰਦਰਾਂ ਦਿਨਾਂ ਤੋਂ ਬਲੱਡ ਬੈਂਕ ਬੰਦ ਪਿਆ ਹੈ , ਜਿਸ ਦੇ ਚੱਲਦਿਆਂ ਥੈਲੇਸੀਮੀਆ ਪੀੜਤ ਬੱਚੇ ਪ੍ਰੇਸ਼ਾਨ ਹੋ ਰਹੇ ਹਨ , ਜਿਨ੍ਹਾਂ ਨੂੰ ਬਲੱਡ ਲੈਣ ਦੇ ਲਈ ਦੂਸਰੇ ਸ਼ਹਿਰਾਂ 'ਚ ਜਾਣਾ ਪੈ ਰਿਹਾ ਹੈ। ਇਸ ਪਰੇਸ਼ਾਨੀ ਹੋਣ ਦੇ ਕਾਰਨ ਉਨ੍ਹਾਂ ਵੱਲੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਥੈਲੇਸੀਮੀਆ ਪੀੜਤ ਬੱਚੇ ਆਪਣੇ ਮਾਪਿਆਂ ਦੇ ਨਾਲ ਡੀਸੀ ਦੇ ਕੋਲ ਪਹੁੰਚੇ ਹਨ ਅਤੇ ਡੀਸੀ ਤੋਂ ਇਸ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੈ। 

 

ਥੈਲੇਸੀਮੀਆ ਪੀੜਤ ਬੱਚੇ ਦੇ ਮਾਪਿਆਂ ਦਾ ਕਹਿਣਾ ਹੈ ਕਿ ਅਗਰ ਉਨ੍ਹਾਂ ਦੇ ਬੱਚਿਆਂ ਨੂੰ ਕੁਝ ਹੋਇਆ ਤਾਂ ਉਸ ਦਾ ਸਿੱਧੇ ਤੌਰ 'ਤੇ ਜ਼ਿੰਮੇਵਾਰ ਪ੍ਰਸ਼ਾਸਨ ਤੇ ਸਰਕਾਰ ਹੋਵੇਗੀ। ਪਿੰਡ ਆਹਲ ਬੋਦਲਾ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਉਸ ਦਾ ਲੜਕਾ ਥੈਲੇਸੀਮੀਆ ਪੀੜਤ ਹੈ ,ਜਿਸ ਨੂੰ 23 ਸਾਲ ਤੋਂ ਬਲੱਡ ਦਿੱਤਾ ਜਾ ਰਿਹਾ ਹੈ ਪਰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦਾ ਬਲੱਡ ਬੈਂਕ ਬੰਦ ਹੋਣ ਦੇ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। 

 

ਓਧਰ ਪਿੰਡ ਆਲਮਸ਼ਾਹ ਦੇ ਰਹਿਣ ਵਾਲੇ ਮਿਲਖ ਰਾਜ ਦਾ ਕਹਿਣਾ ਹੈ ਕਿ ਉਸਦਾ ਲੜਕਾ ਦੀਪਕ ਥੈਲੇਸੀਮੀਆ ਪੀੜਤ, ਜਿਸ ਨੂੰ ਅਠਾਰਾਂ ਸਾਲ ਤੋਂ ਬਲੱਡ ਦਿੱਤਾ ਜਾ ਰਿਹਾ ਹੈ।  ਹੁਣ ਸਰਕਾਰੀ ਹਸਪਤਾਲ ਦੇ ਚੱਕਰ ਕੱਟਦਿਆਂ ਕਈ ਦਿਨ ਹੋ ਗਏ ਪਰ ਬਲੱਡ ਨਹੀਂ ਮਿਲਿਆ। ਆਖਿਰਕਾਰ ਅਬੋਹਰ ਤੋ ਬਲੱਡ ਲਿਆ ਕੇ ਉਸ ਨੂੰ ਲਗਾਉਣਾ ਪਿਆ। ਉੱਧਰ ਪਿੰਡ ਘੁਬਾਇਆ ਤੋਂ ਪਹੁੰਚੀ ਜਸਵੀਰ ਕੌਰ ਨੇ ਦੱਸਿਆ ਕਿ ਉਸਦੀ ਲੜਕੀ ਥੈਲੇਸੀਮੀਆ ਪੀੜਤ ਹੈ ਤੇ ਉਸ ਦਾ ਪਤੀ ਵੀ ਨਹੀਂ ਹੈ ਜਿਸ ਕਰਕੇ ਉਨ੍ਹਾਂ ਦੋਵਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਤੇ ਉਸ ਨੂੰ ਆਪਣੀ ਬੱਚੀ ਦੀ ਫਿਕਰ ਸਤਾ ਰਹੀ ਹੈ। 
  

 

ਇੱਥੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਫਾਜ਼ਿਲਕਾ ਵਿਚ ਬੀ.ਟੀ.ਓ ਦੀ ਤਾਇਨਾਤੀ ਨਾ ਹੋਣ ਦੇ ਕਾਰਨ ਇਹ ਦਿੱਕਤ ਆਈ ਹੈ ਤੇ ਉਨ੍ਹਾਂ ਵੱਲੋਂ ਇਸ ਸਮੱਸਿਆ ਦੇ ਸਮਾਧਾਨ ਦੇ ਲਈ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਫਾਜ਼ਿਲਕਾ ਦੀ ਗੱਲ ਕੀਤੀ ਜਾਵੇ ਤਾਂ ਫਾਜ਼ਿਲਕਾ ਵਿੱਚ ਕੁੱਲ 33 ਬੱਚੇ ਨੇ ਜੋ ਥੈਲੇਸੀਮੀਆ ਪੀੜਤ ਹਨ , ਜਿਨ੍ਹਾਂ ਨੂੰ ਅਕਸਰ ਬਲੱਡ ਦੀ ਲੋੜ ਪੈਂਦੀ ਹੈ ਪਰ ਬਲੱਡ ਬੈਂਕ ਬੰਦ ਹੋਣ ਦੇ ਨਾਲ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਦਾਅ 'ਤੇ ਲੱਗੀ  ਹੈ।  ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਕਦੋਂ ਬੰਦ ਪਏ ਇਸ ਬਲੱਡ ਬੈਂਕ ਦੀ ਸ਼ੁਰੂਆਤ ਕਰੇਗਾ ਅਤੇ ਇਨ੍ਹਾਂ ਦੀ ਪ੍ਰੇਸ਼ਾਨੀ ਦੂਰ ਹੋਵੇਗੀ।