Breaking News LIVE: ਦੇਸ਼ 'ਚ ਨਹੀਂ ਲੱਗੇਗਾ ਲੌਕਡਾਊਨ, ਕੇਂਦਰ ਨੇ ਸੂਬਿਆਂ ਨੂੰ ਨਵੇਂ ਆਦੇਸ਼
Punjab Breaking News, 27 April 2021 LIVE Updates: ਕੋਰੋਨਾ ਮਹਾਂਮਾਰੀ ਭਾਰਤ 'ਚ ਸਿਖਰ 'ਤੇ ਹੈ। ਲਗਾਤਾਰ ਵੱਧ ਰਹੇ ਅੰਕੜਿਆਂ ਕਾਰਨ ਹੁਣ ਕੇਂਦਰ ਸਰਕਾਰ ਨੇ ਮਹੱਤਵਪੂਰਨ ਕਦਮ ਚੁੱਕੇ ਹਨ। ਸੋਮਵਾਰ ਨੂੰ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਰੋਨਾ ਦੇ ਹੌਟਸਪੌਟ ਵਾਲੀਆਂ ਥਾਵਾਂ 'ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਮਤਲਬ ਤੈਅ ਮਾਪਦੰਡ ਦੇ ਅਧਾਰ 'ਤੇ ਪਛਾਣੇ ਗਏ ਖ਼ਾਸ ਜ਼ਿਲ੍ਹਿਆਂ ਤੇ ਖੇਤਰਾਂ 'ਚ ਆਮ ਲੋਕਾਂ ਦੀਆਂ ਗਤੀਵਿਧੀਆਂ ਬੰਦ ਕੀਤੀਆਂ ਜਾਣਗੀਆਂ। ਸਰਕਾਰ ਵੱਲੋਂ ਇਹ ਫ਼ੈਸਲਾ ਵੱਧ ਰਹੇ ਕੋਵਿਡ ਮਰੀਜ਼ਾਂ ਦੇ ਅੰਕੜਿਆਂ ਨੂੰ ਘਟਾਉਣ ਲਈ ਲਿਆ ਗਿਆ ਹੈ। ਇਸ ਨਾਲ ਕੋਵਿਡ ਦੀ ਲੜੀ ਨੂੰ ਤੋੜਿਆ ਜਾ ਸਕਦਾ ਹੈ ਤੇ ਅੰਕੜੇ ਘਟਾਏ ਜਾਣਗੇ।
ਚੰਡੀਗੜ੍ਹ ਵਿੱਚ ਪੁਲਿਸ ਵੱਲੋਂ ਫੜੇ ਗਏ 3000 ਰੇਮਡੇਸਿਵਰ ਟੀਕੇ ਲੋਕਾਂ ਨੂੰ ਲਾਏ ਜਾਣਗੇ। ਅਦਾਲਤ ਨੇ ਟੀਕੇ ਜਾਰੀ ਕਰਨ ਦਾ ਆਦੇਸ਼ ਦਿੱਤਾ ਹੈ। ਸਿਹਤ ਵਿਭਾਗ ਲੈਬ ਜਾਂਚ ਤੋਂ ਬਾਅਦ ਲੋੜਵੰਦ ਮਰੀਜ਼ਾਂ ਨੂੰ ਟੀਕਾ ਲਾਇਆ ਜਾਏਗਾ। ਪੁਲਿਸ ਨੇ 15 ਦਿਨ ਪਹਿਲਾਂ ਇੱਕ ਹੋਟਲ ਵਿੱਚ ਰੇਮਡੇਸਿਵਰ ਟੀਕਿਆਂ ਦੀ ਸੌਦੇਬਾਜ਼ੀ ਕਰਦਿਆਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਟੀਕੇ ਹਿਮਾਚਲ ਪ੍ਰਦੇਸ਼ ਦੇ ਬੱਦੀ ਦੀ ਇੱਕ ਫੈਕਟਰੀ ਵਿੱਚ ਨਿਰਯਾਤ ਲਈ ਬਣਦੇ ਸੀ।
EC Bans Counting Day Celebrations: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਹੈ। ਪੰਜ ਰਾਜਾਂ ਦੇ ਚੋਣ ਨਤੀਜਿਆਂ ਮਗਰੋਂ ਜੇਤੂ ਉਮੀਦਵਾਰ ਜਸ਼ਨ ਨਹੀਂ ਮਨਾ ਸਕਣਗੇ। ਚੋਣ ਕਮਿਸ਼ਨ ਨੇ 2 ਮਈ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਅਗਲੇ ਦਿਨ ਜਿੱਤ ਦੇ ਜਸ਼ਨਾਂ ‘ਤੇ ਪਾਬੰਦੀ ਲਾ ਦਿੱਤੀ ਹੈ।
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤਕ ਨਾਈਟ ਕਰਫ਼ਿਊ ਦਾ ਐਲਾਨ ਕੀਤਾ। ਨਾਲ ਹੀ ਪੰਜਾਬ ਸਰਕਾਰ ਨੇ ਪਿੰਡਾਂ 'ਚ ਸ਼ਾਮ 5 ਵਜੇ ਤੋਂ ਬਾਅਦ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਨਾਈਟ ਕਰਫ਼ਿਊ ਦਾ ਸਮਾਂ 2 ਘੰਟੇ ਵਧਾ ਦਿੱਤਾ ਗਿਆ ਹੈ। ਹੁਣ ਰਾਤ 8 ਵਜੇ ਦੀ ਬਜਾਏ 6 ਵਜੇ ਹੀ ਕਰਫ਼ਿਊ ਲਾਗੂ ਹੋ ਜਾਵੇਗਾ।
ਪਿਛੋਕੜ
Punjab Breaking News, 27 April 2021 LIVE Updates: ਦੇਸ਼ ਦੇ ਕਈ ਰਾਜਾਂ 'ਚ ਤਾਲਾਬੰਦੀ ਤੇ ਨਾਈਟ ਕਰਫਿਊ ਦੇ ਬਾਵਜੂਦ ਕੋਰੋਨਾ ਦੀ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾਵਾਇਰਸ ਦੇ ਤਿੰਨ ਲੱਖ 23 ਹਜ਼ਾਰ 144 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, 2771 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ 'ਚ ਹੁਣ ਐਕਟਿਵ ਮਾਮਲੇ 28 ਲੱਖ 82 ਹਜ਼ਾਰ 204 ਹੋ ਗਏ ਹਨ। ਹਾਲਾਂਕਿ ਕੱਲ੍ਹ ਦੋ ਲੱਖ 51 ਹਜ਼ਾਰ 827 ਵਿਅਕਤੀ ਠੀਕ ਵੀ ਹੋਏ ਹਨ।
- ਕੁੱਲ ਕੇਸ- ਇਕ ਕਰੋੜ 76 ਲੱਖ 36 ਹਜ਼ਾਰ 307
- ਕੁੱਲ ਮੌਤਾਂ- ਇਕ ਲੱਖ 97 ਹਜ਼ਾਰ 894
- ਕੁੱਲ ਡਿਸਚਾਰਜ- ਇਕ ਕਰੋੜ 45 ਲੱਖ 56 ਹਜ਼ਾਰ 209
- ਕੁੱਲ ਟੀਕੇ- 14 ਕਰੋੜ ਪੰਜਾਹ ਲੱਖ 85 ਹਜ਼ਾਰ 911
- ਕੱਲ੍ਹ ਹੋਏ ਟੈਸਟ- 16 ਲੱਖ 58 ਹਜ਼ਾਰ 700
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਦੱਸਿਆ ਹੈ ਕਿ ਕੱਲ ਤੱਕ ਭਾਰਤ 'ਚ ਕੋਰੋਨਾਵਾਇਰਸ ਲਈ ਕੁੱਲ 28 ਕਰੋੜ 9 ਲੱਖ 79 ਹਜ਼ਾਰ 877 ਸੈਂਪਲ ਟੈਸਟ ਕੀਤੇ ਗਏ ਹਨ, ਜਿਨ੍ਹਾਂ 'ਚੋਂ ਕੱਲ੍ਹ 16 ਲੱਖ 58 ਹਜ਼ਾਰ 700 ਸੈਂਪਲ ਦੀ ਜਾਂਚ ਕੀਤੀ ਗਈ।
ਕੋਰੋਨਾਵਾਇਰਸ ਵੈਕਸੀਨ ਦੀਆਂ 14.5 ਕਰੋੜ ਤੋਂ ਵੱਧ ਖੁਰਾਕਾਂ ਦੇਸ਼ ਭਰ 'ਚ ਲਗਾਈਆਂ ਜਾ ਚੁਕੀਆਂ ਹਨ, ਜਿਨ੍ਹਾਂ 'ਚੋਂ ਸੋਮਵਾਰ ਨੂੰ 31 ਲੱਖ ਤੋਂ ਵੱਧ ਡੋਜ਼ ਦਿੱਤੀਆਂ ਗਈਆਂ। ਮੁੱਢਲੀ ਰਿਪੋਰਟ ਅਨੁਸਾਰ ਸੋਮਵਾਰ ਰਾਤ 8 ਵਜੇ ਤੱਕ, ਦੇਸ਼ ਭਰ 'ਚ ਟੀਕੇ ਦੀਆਂ 14,50,85,911 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ 'ਚੋਂ 31,74,688 ਖੁਰਾਕ ਸੋਮਵਾਰ ਨੂੰ ਟੀਕਾਕਰਨ ਦੇ 101 ਵੇਂ ਦਿਨ ਦਿੱਤੀ ਗਈ। ਸੋਮਵਾਰ ਨੂੰ 19,73,778 ਲਾਭਪਾਤਰੀਆਂ ਨੂੰ ਪਹਿਲੀ ਡੋਜ਼ ਦਿੱਤੀ ਗਈ ਤੇ 12,00,910 ਲਾਭਪਾਤਰੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ।
ਪੰਜਾਬ 'ਚ ਨਹੀਂ ਲੱਗੇਗਾ ਲੌਕਡਾਊਨ
ਪੰਜਾਬ ਵਿੱਚ ਲੌਕਡਾਊਨ ਨਹੀਂ ਲੱਗੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੌਕਡਾਊਨ ਬਾਰੇ ਚਰਚਾ ਨੂੰ ਰੱਦ ਕਰਦਿਆਂ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਲੌਕਡਾਊਨ ਲਾਉਣ ਬਾਰੇ ਹਾਲੇ ਕੋਈ ਵਿਚਾਰ ਨਹੀਂ। ਉਨ੍ਹਾਂ ਨੇ ਸੋਮਵਾਰ ਨੂੰ ਸੂਬੇ ਵਿੱਚ ਕੋਰੋਨਾ ਦੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਲੌਕਡਾਊਨ ਲਾਏ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹਿਜਰਤ ਤੇ ਆਰਥਿਕ ਪ੍ਰੇਸ਼ਾਨੀ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦਰਅਸਲ ਪੰਜਾਬ ਵਿੱਚ ਲਗਾਤਾਰ ਵਧਦੇ ਕੇਸਾਂ ਨੂੰ ਵੇਖਦਿਆਂ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਕਿ ਸੂਬੇ ਵਿੱਚ ਲੌਕਡਾਊਨ ਲਾਇਆ ਜਾ ਸਕਦਾ ਹੈ। ਅਜਿਹੀਆਂ ਖਬਰਾਂ ਸੁਣ ਕੇ ਲੋਕਾਂ ਖਾਸਕਰ ਕਾਰੋਬਾਰੀਆਂ ਵਿੱਚ ਸਹਿਮ ਸੀ। ਇਸ ਬਾਰੇ ਮੁੱਖ ਮੰਤਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਲੌਕਡਾਊਨ ਲਾਉਣ ਬਾਰੇ ਕੋਈ ਵਿਚਾਰ ਨਹੀਂ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੂਬਾ ਸਰਕਾਰਾਂ ਨੂੰ ਕਿਹਾ ਸੀ ਕਿ ਲੌਕਡਾਊਨ ਨੂੰ ਆਖਰੀ ਵਿਕਲਪ ਵਜੋਂ ਹੀ ਵਰਤਿਆ ਜਾਵੇ।
- - - - - - - - - Advertisement - - - - - - - - -