ਕੀਰਤਪੁਰ ਸਾਹਿਬ: ਬੇਸ਼ੱਕ ਦੇਸ਼ 1947 ਵਿੱਚ ਆਜ਼ਾਦ ਹੋ ਗਿਆ ਸੀ, ਪਰ ਸ਼ਾਹਪੁਰ ਬੇਲਾ ਪਿੰਡ ਅੱਜ ਆਜ਼ਾਦ ਹੋਇਆ। ਇਸ ਪਿੰਡ ਨੂੰ ਸੰਤ ਬਾਬਾ ਲਾਭ ਸਿੰਘ ਨੇ ਆਜ਼ਾਦ ਕਰਵਾਇਆ। ਇਹ ਕਹਿਣਾ ਪਿੰਡ ਸ਼ਾਹਪੁਰ ਦੇ ਹਰੇਕ ਵਸਨੀਕ ਦਾ ਹੈ।
ਸ਼ਾਹਪੁਰ ਬੇਲਾ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਨੇ ਸੰਤ ਬਾਬਾ ਲਾਭ ਸਿੰਘ ਜੀ ਵਲੋਂ ਪੁਲ ਦੇ ਉਦਘਾਟਨ ਤੋਂ ਬਾਅਦ ਏ.ਬੀ.ਪੀ. ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲ ਨਾ ਹੋਣ ਨੇ ਸਾਨੂੰ ਗੁਲਾਮ ਬਣਾ ਰੱਖਿਆ ਸੀ ਤੇ ਪੁਲ ਨੇ ਸਾਨੂੰ ਆਜ਼ਾਦੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਵੇਲੇ ਸਾਡੇ ਬੱਚੇ ਮਰ ਜਾਂਦੇ ਸੀ ਤਾਂ ਸਭ ਕੁਝ ਕਿਸ਼ਤੀਆਂ 'ਤੇ ਆ ਜਾਂਦਾ ਸੀ।
ਹਾਲਾਂਕਿ ਪੁਲ ਦਾ ਉਦਘਾਟਨ ਰਸਮੀ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕਰਵਾਇਆ ਗਿਆ। ਇਸ ਪੁਲ ਤੇ 10 ਕਰੋੜ ਰੁਪਏ ਖਰਚ ਆਇਆ ਤੇ ਇਹ ਸਾਰੇ ਪੈਸੇ ਕਾਰ ਸੇਵਾ ਜ਼ਰੀਏ ਖ਼ਰਚ ਕੀਤੇ ਗਏ ਹਨ ਤੇ ਸਰਕਾਰ ਵੱਲੋਂ ਇਸ ਪ੍ਰਾਜੈਕਟ ਲਈ ਇੱਕ ਪੈਸੇ ਦਾ ਸਹਿਯੋਗ ਨਹੀਂ ਹੈ।
ਦਵਿੰਦਰ ਨੇ ਕਿਹਾ ਕਿ 70 ਸਾਲ 'ਚ ਇੰਨੀਆਂ ਸਰਕਾਰਾਂ ਆਈਆਂ ਪਰ ਸਾਡੀ ਸਾਰ ਕਿਸੇ ਨੇ ਨਹੀਂ ਲਈ। ਉਨ੍ਹਾਂ ਦੱਸਿਆ ਕਿ ਸਰਕਾਰਾਂ ਦਾ ਸਾਡੇ ਲਈ ਕੋਈ ਮਤਲਬ ਨਹੀਂ ਸੀ ਤੇ ਬਾਬਾ ਲਾਭ ਸਿੰਘ ਜੀ ਸਾਡੇ ਲਈ ਰੱਬ ਬਣ ਕੇ ਆਏ।
ਉਨ੍ਹਾਂ ਕਿਹਾ ਉਹ ਸੰਤਾਂ ਦੇ ਬੇਹੱਦ ਧੰਨਵਾਦੀ ਹਨ ਜਿਨ੍ਹਾਂ ਨੇ ਸਾਡੇ 'ਤੇ ਇੰਨੀ ਵੱਡੀ ਕਿਰਪਾ ਕੀਤੀ ਹੈ ਤੇ ਇਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਬਾਬਾ ਜੀ ਇਲਾਕੇ 'ਚ ਹੋਰ ਵੀ ਬਹੁਤ ਕੰਮ ਕਰਵਾ ਰਹੇ ਹਨ।