ਚੰਡੀਗੜ੍ਹ: ਪੰਜਾਬ ਅੰਦਰ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਮਗਰੋਂ ਸਿਆਸਤ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਡਟ ਕੇ ਵਿਰੋਧ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਫੇਸਬੁੱਕ ਪੇਜ ਉੱਪਰ ਪੋਸਟ ਪਾ ਕੇ ਦਲ ਨੇ ਕਿਹਾ ਹੈ ਕਿ ਬੀਐਸਐਫ ਰਾਹੀਂ ਪੰਜਾਬ ਨੂੰ ਆਪਣੇ ਕਬਜ਼ੇ 'ਚ ਲੈਣ ਦੀਆਂ ਕੇਂਦਰ ਦੀਆਂ ਸਾਜ਼ਿਸ਼ਾਂ ਦਾ ਡਟਕੇ ਵਿਰੋਧ ਕਰਦਾ ਹੈ।

ਇਸ ਪੋਸਟ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਫੋਟੋ ਤੇ ਉਨ੍ਹਾਂ ਦਾ ਸੰਦੇਸ਼ ਵੀ ਪਾਇਆ ਗਿਆ ਹੈ। ਪੋਸਟ ਵਿੱਚ ਬਾਦਲ ਵੱਲੋਂ ਕਿਹਾ ਗਿਆ ਹੈ ਕਿ ਆਓ ਸਿਆਸੀ ਮਤਭੇਦਾਂ ਨੂੰ ਪਾਸੇ ਰੱਖ, ਆਪਣੇ ਪੰਜਾਬ ਲਈ ਇੱਕਜੁੱਟ ਹੋ ਕੇ ਖੜ੍ਹੀਏ। ਅੱਧਾ ਪੰਜਾਬ ਬੀਐਸਐਫ ਦੇ ਹਵਾਲੇ ਕਰ ਕੇਂਦਰ ਮੁੜ ਤੋਂ ਪੰਜਾਬ ਨੂੰ 80ਵਿਆਂ ਦੇ ਦਹਾਕੇ ਦੇ ਕਾਲੇ ਦੌਰ 'ਚ ਸੁੱਟਣਾ ਚਾਹੁੰਦਾ ਹੈ।


ਦੱਸ ਦਈਏ ਕੇਂਦਰੀ ਗ੍ਰਹਿ ਮੰਤਰਾਲੇ ਦੇ ਇੱਕ ਆਦੇਸ਼ ਮੁਤਾਬਕ ਪੱਛਮੀ ਬੰਗਾਲ, ਪੰਜਾਬ ਤੇ ਅਸਾਮ ਵਿੱਚ ਬੀਐਸਐਫ ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਸਰਹੱਦ ਦੇ ਅੰਦਰ ਤੇ ਨਾਲ ਕੀਤਾ ਜਾਵੇਗਾ। ਇਸ ਆਦੇਸ਼ ਤੋਂ ਬਾਅਦ ਬੀਐਸਐਫ ਅੰਮ੍ਰਿਤਸਰ, ਤਰਨ ਤਾਰਨ ਤੇ ਪਠਾਨਕੋਟ ਵਿੱਚ ਰਾਜ ਪੁਲਿਸ ਦੀਆਂ ਸ਼ਕਤੀਆਂ ਨੂੰ ਦਬਾ ਕੇ ਖੇਤਰ ਵਿੱਚ ਗ੍ਰਿਫਤਾਰੀ, ਤਲਾਸ਼ੀ ਤੇ ਜ਼ਬਤ ਕਰ ਸਕਦੀ ਹੈ। ਸ੍ਰੀ ਹਰਿਮੰਦਰ ਸਾਹਿਬ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਤੋਂ ਲਗਪਗ 35 ਕਿਲੋਮੀਟਰ ਦੀ ਦੂਰੀ 'ਤੇ ਹੈ।

ਇਸ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਆਪ ਲੀਡਰ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਅਮਿਤ ਸ਼ਾਹ ਦੇ ਨਾਲ ਮੀਟਿੰਗ ਕਰਕੇ ਮਿਲੀਭੁਗਤ ਨਾਲ ਬੀਐਸਐਫ ਦੇ ਅਧਿਕਾਰ ਖੇਤਰ ਨੂੰ ਵਧਾਇਆ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਖ਼ੁਦ ਕਹਿ ਕੇ ਆਏ ਹਨ ਕਿ ਉਨ੍ਹਾਂ ਦੀ ਸਰਕਾਰ ਕੋਲੋਂ ਬਾਰਡਰ ਏਰੀਆ ਸੰਭਾਲਿਆ ਨਹੀਂ ਜਾ ਰਿਹਾ। ਇਸ ਕਰਕੇ ਕੇਂਦਰ ਨੇ ਬੀਐਸਐਫ ਦਾ ਅਧਿਕਾਰ ਖੇਤਰ ਵਧਾਇਆ ਹੈ।