Punjab News: ਸੂਬੇ ਵਿੱਚ ਖੇਤੀ ਰਹਿੰਦ-ਖੂੰਹਦ ਤੇ ਮਿਊਂਸੀਪਲ ਠੋਸ ਰਹਿੰਦ-ਖੂੰਹਦ ਦੀ ਸਮੱਸਿਆ ਦੇ ਸਥਾਈ ਤੇ ਵਿਗਿਆਨਕ ਹੱਲ ਤਲਾਸ਼ਣ ਲਈ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਯੂਕੇ ਦੀ ਕੰਪਨੀ ਮੈਸਰਜ਼ ਕਾਰਬਨ ਮਾਸਟਰਜ਼ ਤੇ ਮੈਸਰਜ਼ ਹਾਸਿਰੂ ਡਾਲਾ ਇਨੋਵੇਸ਼ਨਜ਼ ਨਾਲ ਮਿਊਂਸੀਪਲ ਠੋਸ ਰਹਿੰਦ-ਖੂੰਹਦ ਤੇ ਖੇਤੀ ਰਹਿੰਦ-ਖੂੰਹਦ ਦੀ ਵਰਤੋਂ ਕਰਕੇ ਕੰਪਰੈੱਸਡ ਬਾਇਓਗੈਸ (ਸੀਬੀਜੀ) ਤਿਆਰ ਕਰਨ ਲਈ ਬੁਨਿਆਦੀ ਢਾਂਚੇ ਸਬੰਧੀ ਲੋੜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।


ਜ਼ਿਕਰਯੋਗ ਹੈ ਕਿ ਅਮਨ ਅਰੋੜਾ ਨੇ ਮਿਊਂਸੀਪਲ ਠੋਸ ਤੇ ਖੇਤੀ ਰਹਿੰਦ-ਖੂੰਹਦ ਤੋਂ ਕੰਪਰੈੱਸਡ ਨੈਚੁਰਲ ਗੈਸ (ਸੀਐਨਜੀ) ਤੇ ਕੰਪਰੈੱਸਡ ਬਾਇਓਗੈਸ (ਸੀਬੀਜੀ) ਦੇ ਉਤਪਾਦਨ ਦਾ ਅਧਿਐਨ ਕਰਨ ਲਈ ਪਿਛਲੇ ਮਹੀਨੇ ਬੈਂਗਲੁਰੂ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਇਨ੍ਹਾਂ ਫਰਮਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਨ੍ਹਾਂ ਫਰਮਾਂ ਨੂੰ ਸੂਬੇ ਦਾ ਦੌਰਾ ਕਰਨ ਤੇ ਪੰਜਾਬ ਵਿੱਚ ਪਲਾਂਟ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਸੱਦਾ ਦਿੱਤਾ ਸੀ।


ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ 1 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਦਫ਼ਤਰ ਤੇ ਵਿੱਦਿਅਕ ਅਦਾਰੇ


ਅਰੋੜਾ ਨੇ ਪੇਡਾ ਦੇ ਚੇਅਰਮੈਨ ਐਚਐਸ ਹੰਸਪਾਲ ਤੇ ਮੁੱਖ ਕਾਰਜਕਾਰੀ ਅਧਿਕਾਰੀ ਰਵੀ ਭਗਤ ਨਾਲ ਮੈਸਰਜ਼ ਕਾਰਬਨ ਮਾਸਟਰਜ਼ ਦੇ ਸਹਿ-ਸੰਸਥਾਪਕ ਸੋਮ ਨਰਾਇਣ ਤੇ ਡਾਇਰੈਕਟਰ ਕੇਵਿਨ ਹਿਊਸਟਨ ਤੇ ਮੈਸਰਜ਼ ਹਾਸਿਰੂ ਡਾਲਾ ਇਨੋਵੇਸ਼ਨਜ਼ ਦੇ ਨੁਮਾਇੰਦਿਆਂ ਦਾ ਸਵਾਗਤ ਕੀਤਾ। 


ਇਨ੍ਹਾਂ ਫਰਮਾਂ ਨੂੰ 'ਇਨਵੈਸਟ ਇਨ ਦ ਬੈਸਟ' ਦਾ ਸੱਦਾ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਗਰੀਨ ਤੇ ਕੁਦਰਤੀ ਊਰਜਾ ਦੇ ਉਤਪਾਦਨ ਦੇ ਮਾਮਲੇ 'ਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਦਾ ਸੰਕਲਪ ਰੱਖਦੀ ਹੈ ਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਸੂਬਾ ਸਰਕਾਰ ਵੱਲੋਂ ਸਟੈਂਪ ਡਿਊਟੀ, ਬਿਜਲੀ ਡਿਊਟੀ, ਸੀਐਲਯੂ ਤੇ ਈਡੀਸੀ. ਚਾਰਜਿਜ਼ ਤੋਂ ਛੋਟ ਦੇਣ ਤੋਂ ਇਲਾਵਾ ਹੋਰ ਵੀ ਵਿੱਤੀ ਰਿਆਇਤਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 'ਇਨਵੈਸਟ ਪੰਜਾਬ' ਰਾਹੀਂ ਸਿੰਗਲ ਵਿੰਡੋ ਕਲੀਅਰੈਂਸ ਵੀ ਪ੍ਰਦਾਨ ਕੀਤੀ ਜਾ ਰਹੀ ਹੈ।


ਮੈਸਰਜ਼ ਕਾਰਬਨ ਮਾਸਟਰਜ਼ ਅਤੇ ਮੈਸਰਜ਼ ਹਾਸਿਰੂ ਡਾਲਾ ਇਨੋਵੇਸ਼ਨਜ਼ ਦੇ ਨੁਮਾਇੰਦਿਆਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ। ਅਮਨ ਅਰੋੜਾ ਨੇ ਇਨ੍ਹਾਂ ਫਰਮਾਂ ਨੂੰ ਝੋਨੇ ਦੀ ਪਰਾਲੀ 'ਤੇ ਆਧਾਰਿਤ ਸੀਬੀਜੀ ਪ੍ਰਾਜੈਕਟਾਂ ਦੀ ਐਲੋਕੇਸ਼ਨ ਲਈ ਸੂਬਾ ਸਰਕਾਰ ਦੀਆਂ ਨੀਤੀਆਂ/ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਕੋਲ ਪ੍ਰਸਤਾਵ ਪੇਸ਼ ਕਰਨ ਲਈ ਕਿਹਾ। 


ਉਨ੍ਹਾਂ ਨੇ ਪੇਡਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਲਾਂਟ ਲਗਾਉਣ ਲਈ ਸਥਾਨ ਚੁਣਨ ਵਾਸਤੇ ਉਨ੍ਹਾਂ ਨੂੰ ਤਹਿਸੀਲਾਂ ਦੀ ਸੂਚੀ ਮੁਹੱਈਆ ਕਰਵਾਉਣ। ਉਨ੍ਹਾਂ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਮਿਊਂਸੀਪਲ ਰਹਿੰਦ-ਖੂੰਹਦ 'ਤੇ ਆਧਾਰਿਤ ਸੀਬੀਜੀ ਪ੍ਰਾਜੈਕਟਾਂ ਦੀ ਐਲੋਕੇਸ਼ਨ ਵਾਸਤੇ ਰੂਪ-ਰੇਖਾ ਤਿਆਰ ਕਰਨ ਲਈ ਵੀ ਕਿਹਾ।


ਇਹ ਵੀ ਪੜ੍ਹੋ: Punjab News : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨਿਆ ਅੱਠਵੀਂ ਦਾ ਨਤੀਜਾ , ਲੜਕੀਆਂ ਨੇ ਬਾਜ਼ੀ ਮਾਰੀ