ਇੱਕ ਵਾਰ ਫਿਰ ਤੋਂ ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਦਰਦਨਾਕ ਸੜਕ ਹਾਦਸੇ ਦੇ ਵਿੱਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੈਨਕੂਵਰ ਦੀ ਮੇਨ ਸਟ੍ਰੀਟ ਅਤੇ ਈਸਟ 12 ਐਵੇਨਿਊ ਦੀ ਇੰਟਰਸੈਕਸ਼ਨ ’ਤੇ 31 ਜੁਲਾਈ ਸਵੇਰੇ 1:30 ਵਜੇ ਭਿਆਨਕ ਹਾਦਸਾ ਵਾਪਰਿਆ। ਜਿਸ ’ਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਇਸ ਨੌਜਵਾਨ ਦੀ ਪਛਾਣ ਦਿਲਪ੍ਰੀਤ ਸਿੰਘ ਗਰੇਵਾਲ (27) ਵਜੋਂ ਹੋਈ ਹੈ।


ਮੌਕੇ ’ਤੇ ਹੀ ਦਮ ਤੋੜ ਦਿੱਤਾ


ਜਾਣਕਾਰੀ ਅਨੁਸਾਰ 17 ਸਾਲ ਦੇ ਕਲਾਸ 7 ਡਰਾਈਵਰ ਨੇ ਲਾਲ ਰੰਗ ਦੀ ਕੈਡੀਲੈਕ ਨਾਲ ਉਬਰ ਡਰਾਈਵਰ ਦਿਲਪ੍ਰੀਤ ਸਿੰਘ ਦੇ ਵਾਹਨ ਤੇ ਇਕ ਹੋਰ ਟੈਕਸੀ ’ਚ ਟੱਕਰ ਮਾਰੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਦਿਲਪ੍ਰੀਤ ਸਿੰਘ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦਕਿ ਬਾਕੀ 7 ਵਿਅਕਤੀ ਜ਼ਖ਼ਮੀ ਹੋ ਗਏ। ਪੁਲਸ ਮੁਤਾਬਿਕ ਇਸ ਮਾਮਲੇ ਦੀ ਅਪਰਾਧਿਕ ਜਾਂਚ ਕੀਤੀ ਜਾਵੇਗੀ। 


ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਆਵਾ ਨਾਲ ਸਬੰਧਿਤ ਸੀ


27 ਸਾਲਾ ਦਿਲਪ੍ਰੀਤ ਸਿੰਘ ਗਰੇਵਾਲ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਆਵਾ ਨਾਲ ਸਬੰਧਿਤ ਸੀ। ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਦਿਲਪ੍ਰੀਤ ਸਾਲ 2015 ’ਚ ਬਤੌਰ ਸਟੂਡੈਂਟ ਕੈਨੇਡਾ ਆਇਆ ਸੀ ਅਤੇ ਹੁਣ ਰਾਈਡ ਹੇਲਿੰਗ ਡਰਾਈਵਰ ਸੀ। ਉਸ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਦਿਲਪ੍ਰੀਤ ਦੀ ਭੈਣ ਟੋਰਾਂਟੋ ਤੋਂ ਪਹੁੰਚੀ, ਜਦਕਿ ਉਸ ਦੇ ਮਾਪੇ ਭਾਰਤ ਤੋਂ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਿੰਡ ਵਿੱਚ ਸੋਗ ਫੈਲਿਆ ਪਿਆ ਹੈ। 


ਪੰਜਾਬ ਅਤੇ ਪਰਿਵਾਰਾਂ ਨੂੰ ਪੈ ਰਿਹਾ ਹੈ ਵੱਡਾ ਘਾਟਾ


ਪੰਜਾਬ ਦੇ ਨੌਜਵਾਨ ਰੁਜ਼ਗਾਰ ਤੇ ਪੜ੍ਹਾਈ ਦੀ ਭਾਲ ਵਿੱਚ ਵਿਦੇਸ਼ ਧੜਾਧੜ ਵਿਦੇਸ਼ ਜਾ ਰਹੇ ਹਨ। ਮਾਪੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਉਨ੍ਹਾਂ ਦੀ ਰੀਝ ਪੂਰੀ ਕਰ ਰਹੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਵਿਦੇਸ਼ ਗਏ ਪੰਜਾਬੀ ਨੌਜਵਾਨ ਲਗਾਤਾਰ ਹਾਰਟ ਅਟੈਕ ਅਤੇ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਰਕੇ ਕਈ ਨੌਜਵਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ