ਚੰਡੀਗੜ੍ਹ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਭਰੋਸਾ ਦਿੱਤਾ ਕਿ ਐਸ ਵਾਲੀ ਐਲ ਜ਼ਰੀਏ ਕਿਸੇ ਵੀ ਸੂਬੇ ਨੂੰ ਪਾਣੀ ਨਹੀਂ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਜ਼ਮੀਨਦੋਜ਼ ਪਾਣੀ ਦਾ ਪੱਧਰ ਬਹੁਤ ਡੂੰਘਾ ਹੋ ਚੁੱਕਾ ਹੈ ਅਤੇ ਸਾਡੇ ਖੇਤਾਂ ਵਿਚ ਪਹੁੰਚਦਾ ਨਹਿਰੀ ਪਾਣੀ ਸਾਡੀ ਆਪਣੀ ਲਾਪਰਵਾਹੀ ਕਾਰਨ ਲਗਭਗ ਬੰਦ ਹੋ ਚੁੱਕਾ ਹੈ, ਜਿਸ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮਾਝੇ ਦੇ ਇਲਾਕੇ ਵਿਚ ਖਾਸ ਤੌਰ ਉਤੇ ਇਹ ਵੱਡੀ ਸਮੱਸਿਆ ਹੈ ਅਤੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਨਹਿਰੀ ਪਾਣੀ ਦਾ ਇਹ ਨੈਟਵਰਕ ਦੁਬਾਰਾ ਸ਼ੁਰੂ ਹੋਵੇ, ਪਰ ਇਸ ਲਈ ਪਿੰਡਾਂ ਦੇ ਮੋਹਤਬਰਾਂ, ਪੰਚਾਇਤਾਂ ਤੇ ਕਿਸਾਨਾਂ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ, ਕਿਉਂਕਿ ਖੇਤਾਂ ਤੱਕ ਪਾਣੀ ਪਹੁੰਚਾਉਣ ਵਾਲੇ ਖਾਲ ਵੀ ਕਿਸਾਨ ਵਾਹ ਚੁੱਕੇ ਹਨ। ਇਸੇ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਕੇਂਦਰ ਸਰਕਾਰ ਵੱਲੋਂ ਸੂਬੇ ਨਾਲ ਕੀਤੇ ਜਾਂਦੇ ਵਿਤਕਰੇ ਦੀ ਗੱਲ ਕਰਦੇ ਦੱਸਿਆ ਕਿ ਕਿਵੇਂ ਕੇਂਦਰ ਸਰਕਾਰ ਸੂਬੇ ਦੇ ਹੱਕਾਂ ਉਤੇ ਡਾਕਾ ਮਾਰ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਨੂੰ ਸੈਸ਼ਨ ਤੱਕ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਭਾਖੜਾ ਬਿਆਸ ਮੈਨਜਮੈਂਟ ਬੋਰਡ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚੋਂ ਪੰਜਾਬ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸਦਾ ਪੰਜਾਬ ਸਰਕਾਰ ਨੇ ਜ਼ਬਰਦਸਤ ਵਿਰੋਧ ਦਰਜ ਕਰਵਾਇਆ ਹੈ।
ਕਿਸਾਨਾਂ ਵੱਲੋਂ ਵਿਸ਼ਵ ਬੈਂਕ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਲ ਜਾ ਰਹੇ ਕਰਜ਼ੇ ਬਾਰੇ ਪ੍ਰਗਟਾਏ ਗਏ ਤਖੌਲੇ ਦੇ ਜਵਾਬ ਵਿਚ ਮੰਤਰੀਆਂ ਨੇ ਦੱਸਿਆ ਕਿ ਵਿਸ਼ਵ ਬੈਂਕ ਨੇ ਇਹ ਕਰਜ਼ਾ ਰਾਜ ਨੂੰ ਬਹੁਤ ਘੱਟ ਵਿਆਜ਼ ਉਤੇ ਬਿਨਾਂ ਕਿਸੇ ਸ਼ਰਤ ਉਤੇ ਦਿੱਤਾ ਹੈ। ਇਸ ਵਿਚ ਬੈਂਕ ਨੇ ਕਿਸੇ ਤਰਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਕੀਤੀ, ਸੋ ਇਸ ਨਾਲ ਕਿਸੇ ਕਾਰਪੋਰੇਟ ਜਗਤ ਦੇ ਕਬਜ਼ੇ ਆਦਿ ਦੇ ਖਦਸ਼ੇ ਬਿਲਕੁਲ ਅਧਾਰਹੀਣ ਹਨ। ਐਨ ਜੀ ਟੀ ਵੱਲੋਂ ਪੰਜਾਬ ਸਰਕਾਰ ਨੂੰ ਕੀਤੇ 2000 ਕਰੋੜ ਰੁਪਏ ਦੇ ਜੁਰਮਾਨੇ ਬਾਰੇ ਪੁੱਛੇ ਜਾਣ ਉਤੇ ਮੰਤਰੀ ਸਾਹਿਬਾਨ ਨੇ ਦੱਸਿਆ ਕਿ ਇਹ ਜੁਰਮਾਨਾ ਸੂਬਾ ਸਰਕਾਰ ਨੇ ਕਿਸੇ ਨੂੰ ਦੇਣਾ ਨਹੀਂ ਹੁੰਦਾ, ਬਲਕਿ ਸਰਕਾਰ ਨੂੰ ਆਮ ਬਜ਼ਟ ਨਾਲੋਂ 2000 ਕਰੋੜ ਰੁਪਏ ਵੱਧ ਪਾਣੀ, ਸੀਵਰੇਜ, ਸਾਫ-ਸਫਾਈ ਆਦਿ ਉਤੇ ਖਰਚ ਕਰਨੇ ਪੈਣਗੇ।
ਨਸ਼ਾਬੰਦੀ ਬਾਰੇ ਕਿਸਾਨਾਂ ਵੱਲੋਂ ਕੀਤੇ ਸਵਾਲ ਦੇ ਜਵਾਬ ਵਿਚ ਨਿੱਝਰ ਨੇ ਦੱਸਿਆ ਕਿ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਜਿੱਥੇ ਵੱਡੇ ਅਪਰਾਧੀ ਫੜਨ ਦਾ ਕੰਮ ਚੱਲ ਰਿਹਾ ਹੈ, ਉਥੇ ਨੌਜਵਾਨਾਂ ਨੂੰ ਸਿੱਧੇ ਰਾਹ ਪਾਉਣ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ, ਖੇਡਾਂ ਪ੍ਰਤੀ ਜਵਾਨੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮੰਤਰੀ ਸਾਹਿਬਾਨ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕੇਂਦਰ ਵੱਲੋਂ ਬਣਾਈਆਂ ਜਾ ਰਹੀਆਂ ਸੜਕਾਂ ਦਾ ਵਿਰੋਧ ਨਾ ਕਰਨ, ਬਲਕਿ ਸਰਕਾਰ ਦਾ ਸਾਥ ਦੇਣ, ਕਿਉਂਕਿ ਇਹ ਸੜਕਾਂ, ਰੇਲਾਂ ਵਿਕਾਸ ਦੀ ਅਧਾਰਸ਼ਿਲਾ ਹਨ ਅਤੇ ਇੰਨਾ ਜ਼ਰੀਏ ਹੀ ਸੂਬੇ ਵਿਚ ਵਪਾਰ ਤੇ ਸਨਅਤਾਂ ਦਾ ਵਿਕਾਸ ਹੋਣਾ ਹੈ। ਨਿੱਝਰ ਨੇ ਇਸ ਮੌਕੇ ਆ ਰਹੇ ਝੋਨੇ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਵੀ ਕੀਤੀ। ਉਨਾਂ ਕਿਹਾ ਕਿ ਇਹ ਧੂੰਆਂ ਤੇ ਪਲੀਤ ਹੋਏ ਖੇਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਖ਼ਤਰੇ ਦੀ ਘੰਟੀ ਹਨ, ਸੋ ਇੰਨਾਂ ਮੁੱਦਿਆਂ ਤੇ ਸਰਕਾਰ ਦਾ ਸਾਥ ਜ਼ੂਰਰ ਦਿਉ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਨਗਰ ਨਿਗਮ ਸੌਰਭ ਰਾਜ, ਐਸ ਐਸ ਪੀ ਸਵਪਨ ਸ਼ਰਮਾ, ਐਸ ਪੀ ਪ੍ਰਭਜੋਤ ਸਿੰਘ ਵਿਰਕ, ਐਸ ਡੀ ਐਮ ਅਲਕਾ ਕਾਲੀਆ, ਐਸ ਡੀ ਐਮ ਅਮਨਪ੍ਰੀਤ ਸਿੰਘ, ਜੁਇੰਟ ਕਮਿਸ਼ਨਰ ਨਗਰ ਨਿਗਮ ਦੀਪਜੋਤ ਕੌਰ, ਐਕਸੀਅਨ ਇੰਦਰਜੀਤ ਸਿੰਘ, ਇੰਜੀਨੀਅਰ ਜਤਿੰਦਰ ਸਿੰਘ, ਮੁੱਖ ਖੇਤੀਬਾੜੀ ਅਧਿਕਾਰੀ ਜਤਿੰਦਰ ਸਿੰਘ ਗਿੱਲ, ਡੀ ਡੀ ਪੀ ਓ ਸਤੀਸ਼ ਕੁਮਾਰ, ਸਿਵਲ ਸਰਜਨ ਡਾ ਚਰਨਜੀਤ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਹੁਦੇਦਾਰ ਰਣਜੀਤ ਸਿੰਘ, ਜਰਮਨਜੀਤ ਸਿੰਘ, ਬਾਜ ਸਿੰਘ, ਕੰਧਾਰ ਸਿੰਘ, ਗੁਰਲਾਲ ਸਿੰਘ ਮਾਨ ਤੇ ਹੋਰ ਅਹੁਦੇਦਾਰ ਹਾਜ਼ਰ ਸਨ।