ਪਟਿਆਲਾ: ਇੱਥੇ ਬਤੌਰ ਸਿਵਲ ਸਰਜਨ ਵਜੋਂ ਤਾਇਨਾਤ ਅਧਿਕਾਰੀ ਨੇ ਆਪਣੀ ਬਦਲੀ ਹੋਣ ਤੋਂ ਅੱਕ ਕੇ ਅਸਤੀਫ਼ਾ ਦੇ ਦਿੱਤਾ ਹੈ। ਡਾਕਟਰ ਨੇ ਕਿਹਾ ਹੈ ਕਿ ਉਹ ਕੈਂਸਰ ਤੋਂ ਪੀੜਤ ਹਨ ਤੇ ਦੂਜੇ ਜ਼ਿਲ੍ਹੇ ਵਿੱਚ ਜਾ ਕੇ ਡਿਊਟੀ ਨਹੀਂ ਕਰ ਸਕਦੇ।

ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ ਹੈ, ਪਰ ਹੁਣ ਸਿਸਟਮ ਤੋਂ ਦੁਖੀ ਹੋ ਕੇ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਕੈਂਸਰ ਪੀੜਤ ਹਨ ਤੇ ਉਨ੍ਹਾਂ ਦੀ ਬਦਲੀ ਪਟਿਆਲਾ ਤੋਂ ਸੰਗਰੂਰ ਦੀ ਕਰ ਦਿੱਤੀ ਗਈ। ਬਿਮਾਰੀ ਕਾਰਨ ਮਨਜੀਤ ਸਿੰਘ ਆਪਣੀ ਡਿਊਟੀ ਨਹੀਂ ਨਿਭਾਅ ਸਕਦੇ, ਇਸ ਲਈ ਅਹੁਦਾ ਛੱਡਣਾ ਠੀਕ ਹੈ। ਉਨ੍ਹਾਂ ਦੇ ਦਫ਼ਤਰ ਵਿੱਚ ਆਖਰੀ ਦਿਨ ਮੌਕੇ ਕਰਮਚਾਰੀ ਵੀ ਕਾਫੀ ਦੁਖੀ ਦਿਖਾਈ ਦਿੱਤੇ।

ਮਨਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵਿੱਚ ਕੁਝ ਲੋਕ ਉਨ੍ਹਾਂ ਦੀ ਇਮਾਨਦਾਰੀ ਤੋਂ ਦੁਖੀ ਸਨ, ਇਸੇ ਕਾਰਨ ਹੀ ਉਨ੍ਹਾਂ ਦੀ ਬਦਲੀ ਕੀਤੀ ਹੋ ਸਕਦੀ ਹੈ। ਹੁਣ ਸਿਵਲ ਸਰਜਨ ਨੇ ਆਪਣੀ ਨੌਕਰੀ ਛੱਡਣ ਦਾ ਹੀ ਫੈਸਲਾ ਕਰ ਲਿਆ ਹੈ, ਜੋ ਸਰਕਾਰੀ ਸਿਸਟਮ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।