Mohali News : ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਸੂਬੇ ਦੇ ਕੈਂਸਰ ਮਰੀਜ਼ਾਂ ਨੂੰ ਇਲਾਜ ਲਈ ਡੇਢ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿਤੀ ਜਾਂਦੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਦਸਿਆ ਕਿ ਕੈਂਸਰ ਮਰੀਜ਼ ਤਮਾਮ ਜ਼ਰੂਰੀ ਦਸਤਾਵੇਜ਼ਾਂ ਸਮੇਤ ਪ੍ਰੋਫ਼ਾਰਮੇ ’ਤੇ ਆਪਣੀ ਅਰਜ਼ੀ ਸਿਵਲ ਸਰਜਨ ਦਫ਼ਤਰ, ਫ਼ੇਜ਼ 6 ਵਿਖੇ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ। ਜੇ ਲਾਭਪਾਤਰੀ 20 ਸਾਲ ਤੋਂ ਘੱਟ ਉਮਰ ਦਾ ਹੈ ਤਾਂ ਉਸ ਦਾ ਜਨਮ ਪੰਜਾਬ ’ਚ ਹੋਇਆ ਹੋਵੇ ਅਤੇ ਮਾਤਾ-ਪਿਤਾ ਪੰਜਾਬ ਦੇ ਵਸਨੀਕ ਹੋਣੇ ਚਾਹੀਦੇ ਹਨ।


ਸਹਾਇਤਾ ਲੈਣ ਲਈ ਤੈਅ ਹੋਰ ਸ਼ਰਤਾਂ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦਸਿਆ ਕਿ ਮਰੀਜ਼ ਦਾ ਇਲਾਜ ਸੂਚੀਬੱਧ ਹਸਪਤਾਲਾਂ ’ਚ ਹੋਣਾ ਚਾਹੀਦਾ ਹੈ, ਜਿਸ ’ਚ ਪੀ.ਜੀ.ਆਈ. ਚੰਡੀਗੜ੍ਹ, ਚੰਡੀਗੜ੍ਹ ਦਾ ਸਰਕਾਰੀ ਮੈਡੀਕਲ ਕਾਲਜ, ਮੋਹਾਲੀ ਦਾ ਮੈਕਸ ਹਸਪਤਾਲ, ਆਈਵੀਵਾਈ ਹਸਪਤਾਲ, ਬਹਿਗਲ ਹਸਪਤਾਲ ਵੀ ਸ਼ਾਮਲ ਹਨ। ਕੈਂਸਰ ਦੀ ਪਛਾਣ ਕਰਨ ਸਬੰਧੀ ਲੈਬਾਰਟਰੀ ਦੀ ਕਾਪੀ ਹੋਣੀ ਚਾਹੀਦੀ ਹੈ, ਜੋ ਡਾਕਟਰ ਤੋਂ ਤਸਦੀਕਸ਼ੁਦਾ ਹੋਵੇ। ਜਿਥੇ ਪੀੜਤ ਦਾ ਇਲਾਜ ਚੱਲ ਰਿਹਾ ਹੈ, ਉਸ ਹਸਪਤਾਲ ਵਲੋਂ ਇਲਾਜ ਦੇ ਖ਼ਰਚੇ ਦਾ ਐਸਟੀਮੇਟ ਹੋਣਾ ਚਾਹੀਦਾ ਹੈ। ਪਾਸਪੋਰਟ ਆਕਾਰ ਦੀਆਂ ਦੋ ਤਸਵੀਰਾਂ ਜੋ ਇਲਾਜ ਕਰਨ ਵਾਲੇ ਡਾਕਟਰ ਵਲੋਂ ਤਸਦੀਕਸ਼ੁਦਾ ਹੋਣ।

 

ਉਨ੍ਹਾਂ ਇਹ ਵੀ ਦੱਸਿਆ ਕਿ ਜੇ ਕੋਈ ਮਰੀਜ਼ ਸੂਚੀਬੱਧ ਨਿੱਜੀ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਹੈ ਤਾਂ ਉਹ ਆਪਣੀ ਅਰਜ਼ੀ ਉਸੇ ਹਸਪਤਾਲ ਵਿਚ ਦੇਵੇਗਾ, ਉਸ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਅਰਜ਼ੀ ਦੇਣ ਦੀ ਲੋੜ ਨਹੀਂ। ਇਹ ਦਫ਼ਤਰ ਸਿਰਫ਼ ਕਾਗ਼ਜ਼ਾਂ ਦੀ ਤਸਦੀਕ ਕਰੇਗਾ। ਇਸ ਤੋਂ ਇਲਾਵਾ ਜੇ ਲਾਭਪਾਤਰੀ ਐਸ.ਸੀ, ਐਸ.ਟੀ ਸ਼੍ਰੇਣੀ ਨਾਲ ਸਬੰਧਤ ਹੈ ਤਾਂ ਸਬੂਤ ਵਜੋਂ ਸਰਟੀਫ਼ੀਕੇਟ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਵਿੱਤੀ ਸਹਾਇਤਾ ਸਰਕਾਰੀ ਮੁਲਾਜ਼ਮ ਨੂੰ ਨਹੀਂ ਮਿਲੇਗੀ। 

 

ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਪ੍ਰਾਈਵੇਟ ਨੌਕਰੀ ਕਰ ਰਿਹਾ ਹੈ ਤੇ ਉਸ ਦਾ ਈ.ਐਸ.ਆਈ. ਫ਼ੰਡ ਕੱਟਦਾ ਹੈ, ਉਸ ਨੂੰ ਵੀ ਸਹਾਇਤਾ ਨਹੀਂ ਮਿਲ ਸਕਦੀ। ਆਯੁਸ਼ਮਾਨ ਸਿਹਤ ਬੀਮਾ ਕਾਰਡ ਧਾਰਕ ਵੀ ਇਹ ਸਹਾਇਤਾ ਨਹੀਂ ਲੈ ਸਕਦੇ। ਵਿੱਤੀ ਸਹਾਇਤਾ ਦੀ ਰਕਮ ਸਬੰਧਤ ਹਸਪਤਾਲ ਨੂੰ ਹੀ ਭੇਜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ਲੋਕਾਂ ਨੂੰ ਵੱਖ-ਵੱਖ ਸਿਹਤ ਯੋਜਨਾਵਾਂ ਦਾ ਪੂਰਾ ਲਾਭ ਦਿਤਾ ਜਾ ਰਿਹਾ ਹੈ। ਹੋਰ ਕਿਸੇ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।